ਅਮਰੀਕਾ ਵੱਲੋਂ ਕੈਨੇਡੀਅਨ ਤਾਜ਼ਾ ਖੁੰਭਾਂ ‘ਤੇ ਡਿਊਟੀ ਲਾਗੂ

ਅਮਰੀਕਾ ਵੱਲੋਂ ਕੈਨੇਡੀਅਨ ਤਾਜ਼ਾ ਖੁੰਭਾਂ ‘ਤੇ ਡਿਊਟੀ ਲਾਗੂ

ਵੈਨਕੂਵਰ-ਅਮਰੀਕਾ ਨੇ ਕੈਨੇਡਾ ਵਿੱਚ ਉਗਾਈਆਂ ਜਾਣ ਵਾਲੀਆਂ ਤਾਜ਼ਾ ਖੁੰਭਾਂ (ਮਸ਼ਰੂਮ) ‘ਤੇ ਕਾਊਂਟਰਵੇਲਿੰਗ ਡਿਊਟੀਆਂ ਲਗਾ ਦਿੱਤੀਆਂ ਹਨ। ਇਹ ਫੈਸਲਾ ਅਮਰੀਕੀ ਵਪਾਰ ਵਿਭਾਗ ਦੀ ਜਾਂਚ ਤੋਂ ਬਾਅਦ ਲਿਆ ਗਿਆ ਹੈ, ਜਿਸਨੂੰ ਕੈਨੇਡੀਅਨ ਉਦਯੋਗ ਨੇ “ਗੰਭੀਰ ਤੌਰ ‘ਤੇ ਖਾਮੀਆਂ ਵਾਲੀ ਜਾਂਚ” ਕਰਾਰ ਦਿੱਤਾ ਹੈ।

ਫੈਡਰਲ ਰਜਿਸਟਰ ਵਿੱਚ ਜਾਰੀ ਕੀਤੇ ਗਏ ਨਵੇਂ ਹੁਕਮਾਂ ਅਨੁਸਾਰ ਜ਼ਿਆਦਾਤਰ ਕੈਨੇਡੀਅਨ ਤਾਜ਼ਾ ਖੁੰਭਾਂ ‘ਤੇ 2.84 ਫੀਸਦੀ ਟੈਰਿਫ਼ ਲਗਾਇਆ ਜਾਵੇਗਾ। ਇਸ ਤੋਂ ਇਲਾਵਾ, ਇਸ ਮਹੀਨੇ ਦੇ ਅੰਤ ਤੱਕ ਵੱਖਰੀਆਂ ਐਂਟੀ-ਡੰਪਿੰਗ ਡਿਊਟੀਆਂ ਵੀ ਜੋੜੇ ਜਾਣ ਦੀ ਸੰਭਾਵਨਾ ਹੈ।

ਅਮਰੀਕੀ ਵਪਾਰ ਵਿਭਾਗ ਦੀ ਪ੍ਰਾਰੰਭਿਕ ਜਾਂਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੈਨੇਡੀਅਨ ਖੁੰਭ ਉਤਪਾਦਕਾਂ ਨੂੰ ਸਰਕਾਰ ਵੱਲੋਂ ਗੈਰ-ਇਨਸਾਫ਼ੀ ਵਾਲੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ।

ਇਸ ਦੋਸ਼ ਨੂੰ ਰੱਦ ਕਰਦਿਆਂ “ਮਸ਼ਰੂਮਜ਼ ਕੈਨੇਡਾ” ਦੇ ਮੁੱਖ ਕਾਰਜਕਾਰੀ ਅਧਿਕਾਰੀ ਰਿਆਨ ਕੋਸਲਾਗ ਨੇ ਕਿਹਾ ਕਿ ਕੈਨੇਡੀਅਨ ਉਤਪਾਦਕਾਂ ਨੇ ਕੋਈ ਗਲਤ ਵਪਾਰਕ ਤਰੀਕੇ ਨਹੀਂ ਅਪਣਾਏ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਖ਼ਾਸ ਸਰਕਾਰੀ ਫਾਇਦਾ ਦਿੱਤਾ ਜਾ ਰਿਹਾ ਹੈ।ਉਨ੍ਹਾਂ ਇਕ ਬਿਆਨ ਵਿੱਚ ਕਿਹਾ ਕਿ ਉੱਤਰੀ ਅਮਰੀਕਾ ਦਾ ਮਸ਼ਰੂਮ ਉਦਯੋਗ ਇੱਕ-ਦੂਜੇ ਨਾਲ ਡੂੰਘੇ ਤੌਰ ‘ਤੇ ਜੁੜਿਆ ਹੋਇਆ ਹੈ ਅਤੇ ਇਸ ਤਰ੍ਹਾਂ ਦੀਆਂ ਡਿਊਟੀਆਂ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ‘ਤੇ ਅਸਰ ਪਾ ਸਕਦੀਆਂ ਹਨ।