ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦਾ ਕਹਿਰ: 43 ਮੌਤਾਂ, 37 ਲਾਪਤਾ
ਸੋਲਨ-ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ, ਅਚਾਨਕ ਹੜ੍ਹ, ਜ਼ਮੀਨ ਖਿਸਕਣ ਕਾਰਨ 43 ਲੋਕ ਮਾਰੇ ਗਏ ਹਨ ਅਤੇ ਘੱਟੋ-ਘੱਟ 37 ਲਾਪਤਾ ਹਨ। ਜਾਣਕਾਰੀ ਮੁਤਾਬਕ ਮਾਨਸੂਨ 20 ਜੂਨ ਨੂੰ ਰਾਜ ਵਿੱਚ ਆਇਆ ਸੀ ਅਤੇ ਇਸ ਨਾਲ ਰਾਜ ਨੂੰ 5,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 43 ਲੋਕਾਂ ਵਿੱਚੋਂ 14 ਦੀ ਮੌਤ ਬੱਦਲ ਫਟਣ ਨਾਲ, ਅੱਠ ਅਚਾਨਕ ਹੜ੍ਹਾਂ ਨਾਲ ਅਤੇ ਇੱਕ ਜ਼ਮੀਨ ਖਿਸਕਣ ਨਾਲ ਹੋਈ, ਜਦੋਂ ਕਿ ਸੱਤ ਡੁੱਬ ਗਏ। ਸਭ ਤੋਂ ਵੱਧ 17 ਮੌਤਾਂ ਮੰਡੀ ਜ਼ਿਲ੍ਹੇ ਵਿੱਚ ਹੋਈਆਂ ਅਧਿਕਾਰੀਆਂ ਨੇ ਕਿਹਾ ਕਿ ਇਸ ਜ਼ਿਲ੍ਹੇ ਤੋਂ ਲਾਪਤਾ 31 ਲੋਕਾਂ ਦੀ ਭਾਲ ਅਜੇ ਵੀ ਜਾਰੀ ਹੈ। ਜ਼ਿਕਰਯੋਗ ਹੈ ਸ਼ੁੱਕਰਵਾਰ ਨੂੰ, ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਦੇ ਜਵਾਨਾਂ ਨੇ ਭਾਰੀ ਮੀਂਹ ਤੋਂ ਬਾਅਦ ਭਾਰਦ, ਦੇਜੀ, ਪਯਾਲਾ ਅਤੇ ਰੁਕਚੁਈ ਪਿੰਡਾਂ ਵਿੱਚ ਫਸੇ 65 ਲੋਕਾਂ ਨੂੰ ਬਚਾਇਆ। ਇਸ ਹਾਲਾਤਾਂ ਵਿੱਚ 150 ਤੋਂ ਵੱਧ ਘਰ, 106 ਪਸ਼ੂਆਂ ਦੇ ਸ਼ੈੱਡ, 31 ਵਾਹਨ, 14 ਪੁਲ ਅਤੇ ਕਈ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ, ਜਦੋਂ ਕਿ ਵੱਖ-ਵੱਖ ਮੁਸੀਬਤਾਂ ਵਿੱਚ 164 ਪਸ਼ੂ ਮਾਰੇ ਗਏ ਹਨ। ਬਚਾਏ ਗਏ 402 ਲੋਕਾਂ ਨੂੰ ਰੱਖਣ ਲਈ ਪੰਜ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 348 ਇਕੱਲੇ ਮੰਡੀ ਤੋਂ ਹਨ। ਇਸ ਦੌਰਾਨ, ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਕਿਹਾ ਕਿ ਮੰਡੀ ਵਿੱਚ 156, ਸਿਰਮੌਰ ਵਿੱਚ 49 ਅਤੇ ਕੁੱਲੂ ਜ਼ਿਲ੍ਹਿਆਂ ਵਿੱਚ 36 ਸਮੇਤ 280 ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਰਾਜ ਵਿੱਚ ਕੁੱਲ 332 ਟਰਾਂਸਫਾਰਮਰ ਅਤੇ 784 ਜਲ ਸਪਲਾਈ ਯੋਜਨਾਵਾਂ ਵਿੱਚ ਵਿਘਨ ਪਿਆ ਹੈ।
















