ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਾਧਿਆ ਚੋਣ ਕਮਿਸ਼ਨ ’ਤੇ ਨਿਸ਼ਾਨਾ
ਨਵੀਂ ਦਿੱਲੀ-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ’ਤੇ ਇੱਕ ਨਵਾਂ ਹਮਲਾ ਕਰਦੇ ਹੋਏ ਦਾਅਵਾ ਕੀਤਾ ਕਿ ਬਿਹਾਰ ਵਿੱਚ ਡਰਾਫਟ ਵੋਟਰ ਸੂਚੀਆਂ ਵਿੱਚ ਗਯਾ ਜ਼ਿਲ੍ਹੇ ਵਿੱਚ “ਇੱਕ ਪੂਰਾ ਪਿੰਡ” ਇੱਕੋ ਘਰ ਵਿੱਚ ਰਹਿੰਦਾ”ਦਿਖਾਇਆ ਗਿਆ ਹੈ। ਜਾਣਕਾਰੀ ਮੁਤਾਬਕ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਜੋ ਕਿ ਰਾਜ ਭਰ ਵਿੱਚ ’ਵੋਟਰ ਅਧਿਕਾਰ ਯਾਤਰਾ’ ਕੱਢ ਰਹੇ ਹਨ, ਨੇ ਵੀਰਵਾਰ ਨੂੰ ਆਪਣੀ ਪਾਰਟੀ ਦੀ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ, ਜਿਸ ਵਿੱਚ ਟਿੱਪਣੀ ਕੀਤੀ ਗਈ ਸੀ“ਚੋਣ ਕਮਿਸ਼ਨ ਦਾ ਜਾਦੂ ਦੇਖੋ। ਇੱਕ ਪੂਰਾ ਪਿੰਡ ਇੱਕ ਘਰ ਵਿੱਚ ਵਸ ਗਿਆ ਹੈ”। ਐਕਸ ’ਤੇ ਕਾਂਗਰਸ ਦੀ ਪੋਸਟ ਵਿੱਚ ਕਿਹਾ ਗਿਆ ਹੈ ਕਿ ਬਾਰਾਚੱਟੀ ਵਿਧਾਨ ਸਭਾ ਖੇਤਰ ਦੇ ਅਧੀਨ ਗਯਾ ਜ਼ਿਲ੍ਹੇ ਦੇ ਨਿਦਾਨੀ ਪਿੰਡ ਵਿੱਚ, ਇੱਕ ਬੂਥ ਦੇ“ਸਾਰੇ 947 ਵੋਟਰ ਘਰ ਨੰਬਰ ਛੇ ਦੇ ਨਿਵਾਸੀ ਦਿਖਾਏ ਗਏ ਹਨ। ਇਸ ਮੌਕੇ ਪਾਰਟੀ ਨੇ ਕਿਹਾ ਕਿ“ਇਹ ਸਿਰਫ਼ ਇੱਕ ਪਿੰਡ ਬਾਰੇ ਹੈ। ਅਸੀਂ ਸਿਰਫ਼ ਰਾਜ ਅਤੇ ਰਾਸ਼ਟਰੀ ਪੱਧਰ ’ਤੇ ਬੇਨਿਯਮੀਆਂ ਦੇ ਪੈਮਾਨੇ ਦੀ ਕਲਪਨਾ ਕਰ ਸਕਦੇ ਹਾਂ। ਹਾਲਾਂਕਿ, ਬਿਹਾਰ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ ਗਯਾ ਦੇ ਜ਼ਿਲ੍ਹਾ ਮੈਜਿਸਟਰੇਟ ਦੇ ਐਕਸ ਹੈਂਡਲ ’ਤੇ ਜਾਰੀ ਇੱਕ ਸਪੱਸ਼ਟੀਕਰਨ ਜਾਰੀ ਕੀਤਾ। ਡੀਐਮ ਨੇ ਦਾਅਵਾ ਕੀਤਾ ਕਿ “ਪਿੰਡਾਂ ਜਾਂ ਝੁੱਗੀਆਂ-ਝੌਂਪੜੀਆਂ ਵਿੱਚ ਕਾਲਪਨਿਕ ਘਰ ਨੰਬਰ ਦਿੱਤਾ ਜਾਂਦਾ ਹੈ ਜਿੱਥੇ ਘਰਾਂ ਦਾ ਕੋਈ ਅਸਲ ਸੀਰੀਅਲ ਨੰਬਰ ਨਹੀਂ ਹੁੰਦਾ। ਇਹ ਵੋਟਰਾਂ ਨੂੰ ਸੂਚੀਬੱਧ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਕੀਤਾ ਜਾਂਦਾ ਹੈ”। ਪਿੰਡ ਦੇ ਵਸਨੀਕਾਂ ਦੇ ਕਥਿਤ ਤੌਰ ’ਤੇ ਵੀਡੀਓ ਕਲਿੱਪ ਵੀ ਡੀਐਮ ਦੇ ਐਕਸ ਹੈਂਡਲ ’ਤੇ ਸਾਂਝੇ ਕੀਤੇ ਗਏ ਹਨ ਜਿਸ ਵਿੱਚ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਤੋਂ ਸੰਤੁਸ਼ਟ ਹਨ, ਪਰ “ਖੇਤਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ” ਤੋਂ ਪਰੇਸ਼ਾਨ ਹਨ।
















