ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਮੁੜ ਵਾਧਾ, ਨੌਂ ਦਿਨਾਂ ਵਿੱਚ ਤੀਜੀ ਵਾਰ ਮਹਿੰਗਾ ਹੋਇਆ ਈਂਧਨ
ਨਵੀਂ ਦਿੱਲੀ-ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਕ ਵਾਰ ਫਿਰ ਵਾਧਾ ਕੀਤਾ ਗਿਆ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਨਵੀਆਂ ਦਰਾਂ ਮੁਤਾਬਕ ਪੈਟਰੋਲ 87 ਪੈਸੇ ਅਤੇ ਡੀਜ਼ਲ 91 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਵਧੀਆਂ ਕੀਮਤਾਂ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ।
ਨਵੀਆਂ ਕੀਮਤਾਂ ਤੋਂ ਬਾਅਦ ਦਿੱਲੀ ਵਿੱਚ ਪੈਟਰੋਲ 99.51 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.49 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਹ ਪਿਛਲੇ ਨੌਂ ਦਿਨਾਂ ਵਿੱਚ ਤੀਜੀ ਵਾਰ ਹੈ ਜਦੋਂ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।ਇਸ ਤੋਂ ਪਹਿਲਾਂ 15 ਮਈ ਨੂੰ ਤੇਲ ਕੰਪਨੀਆਂ ਨੇ ਲਗਭਗ ਚਾਰ ਸਾਲਾਂ ਬਾਅਦ ਪਹਿਲੀ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤਿੰਨ ਰੁਪਏ ਤੋਂ ਵੱਧ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ 19 ਮਈ ਨੂੰ ਵੀ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ।
ਚਾਰ ਮਹਾਂਨਗਰਾਂ ਵਿੱਚ ਪੈਟਰੋਲ ਦੀਆਂ ਨਵੀਆਂ ਕੀਮਤਾਂ ਮੁਤਾਬਕ ਕੋਲਕਾਤਾ ਵਿੱਚ ਪੈਟਰੋਲ 110.64 ਰੁਪਏ, ਮੁੰਬਈ ਵਿੱਚ 108.49 ਰੁਪਏ ਅਤੇ ਚੇਨਈ ਵਿੱਚ 103.31 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਮਾਹਿਰਾਂ ਅਨੁਸਾਰ ਕੱਚੇ ਤੇਲ ਦੀਆਂ ਵਧਦੀਆਂ ਅੰਤਰਰਾਸ਼ਟਰੀ ਕੀਮਤਾਂ ਕਾਰਨ ਸਰਕਾਰੀ ਤੇਲ ਕੰਪਨੀਆਂ ‘ਤੇ ਵਿੱਤੀ ਬੋਝ ਵੱਧ ਰਿਹਾ ਹੈ। ਅੰਦਾਜ਼ਾ ਹੈ ਕਿ ਪੈਟਰੋਲ, ਡੀਜ਼ਲ, ਐਲਪੀਜੀ ਅਤੇ ਜੈੱਟ ਈਂਧਨ ‘ਤੇ ਕੰਪਨੀਆਂ ਨੂੰ ਹਰ ਰੋਜ਼ ਕਰੀਬ 1,380 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।
















