ਭਾਰਤ ਨਾਲ ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹੈ ਕੈਨੇਡਾ
ਓਟਵਾ-ਪਿਛਲੇ ਸਾਲ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਖਟਾਸ ਆ ਗਈ ਸੀ ਜਿਸ ਤੋਂ ਬਾਅਦ ਕੈਨੇਡਾ ਹੁਣ ਹੌਲੀ-ਹੌਲੀ ਇਹ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਜਾਣਕਾਰੀ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦਿੱਤੀ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਫ਼ੋਨ ’ਤੇ ਗੱਲ ਕੀਤੀ ਸੀ। ਜ਼ਿਕਰਯੋਗ ਹੈ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ’ਤੇ ਹਰਦੀਪ ਸਿੰਘ ਨਿੱਝਰ ਨੂੰ ਮਾਰਨ ਦਾ ਦੋਸ਼ ਲਗਾਇਆ ਸੀ ਜਿਸ ਨੂੰ ਭਾਰਤ ਨੇ ਝੂਠਾ ਦੱਸਿਆ ਸੀ। ਇਸ ਵਿਵਾਦ ਤੋਂ ਬਾਅਦ ਦੋਨਾਂ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੈਟਾਂ ਨੂੰ ਕੱਢ ਦਿੱਤਾ ਅਤੇ ਵਪਾਰਕ ਗੱਲਬਾਤ ਵੀ ਰੁਕ ਗਈ। ਹੁਣ ਤੱਕ ਦੋਵਾਂ ਦੇਸ਼ਾਂ ਨੇ ਨਵੇਂ ਹਾਈ ਕਮਿਸ਼ਨਰ ਵੀ ਨਹੀਂ ਭੇਜੇ ਹਨ। ਇਸ ਮੌਕੇੇ ਵਿਦੇਸ਼ ਮੰਤਰੀ ਆਨੰਦ ਨੇ ਕਿਹਾ ਕਿ ਅਸੀਂ ਇੱਕ-ਇੱਕ ਕਦਮ ਅੱਗੇ ਵਧ ਰਹੇ ਹਾਂ। ਇਹ ਮਾਮਲਾ ਜਾਂਚ ਅਧੀਨ ਹੈ। ਪਰ ਅਸੀਂ ਭਾਰਤ ਨਾਲ ਸਾਂਝੇਦਾਰੀ ਨੂੰ ਦੁਬਾਰਾ ਮਜ਼ਬੂਤ ਕਰਨਾ ਚਾਹੁੰਦੇ ਹਾਂ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੁਨੀਆਂ ਦੇ ਹੋਰ ਦੇਸ਼ਾਂ ਨਾਲ ਵੀ ਮਜ਼ਬੂਤ ਸਬੰਧ ਬਣਾਉਣਾ ਚਾਹੁੰਦੀ ਹੈ।
















