ਬਜਟ 2026 ਅਧੀਨ ਐਡਮੰਟਨ ਵਿੱਚ 10 ਨਵੇਂ ਸਕੂਲ ਪ੍ਰੋਜੈਕਟਾਂ ਨੂੰ ਮਨਜ਼ੂਰੀ

ਬਜਟ 2026 ਅਧੀਨ ਐਡਮੰਟਨ ਵਿੱਚ 10 ਨਵੇਂ ਸਕੂਲ ਪ੍ਰੋਜੈਕਟਾਂ ਨੂੰ ਮਨਜ਼ੂਰੀ

ਐਡਮੰਟਨ-ਬਜਟ 2026 ਦੇ ਤਹਿਤ ਐਡਮੰਟਨ ਵਿੱਚ 10 ਨਵੇਂ ਸਕੂਲ ਪ੍ਰੋਜੈਕਟਾਂ ਲਈ ਫੰਡਿੰਗ ਦੀ ਘੋਸ਼ਣਾ ਕੀਤੀ ਗਈ ਹੈ। ਇਸ ਨਾਲ ਸ਼ਹਿਰ ਵਿੱਚ ਚੱਲ ਰਹੇ ਪਬਲਿਕ ਸਕੂਲ ਪ੍ਰੋਜੈਕਟਾਂ ਦੀ ਕੁੱਲ ਗਿਣਤੀ 37 ਹੋ ਗਈ ਹੈ।ਜੇ ਬਜਟ 2026 ਪਾਸ ਹੋ ਜਾਂਦਾ ਹੈ ਤਾਂ ਇਸ ਰਾਹੀਂ ਅਲਬਰਟਾ ਦੇ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿੱਚ ਨਵੇਂ ਸਕੂਲ ਬਣਾਉਣ ਲਈ ਵੱਡਾ ਨਿਵੇਸ਼ ਕੀਤਾ ਜਾਵੇਗਾ।

ਐਡਮੰਟਨ ਵਿੱਚ ਐਲਾਨੇ ਗਏ ਇਹ 10 ਨਵੇਂ ਸਕੂਲ ਪ੍ਰੋਜੈਕਟ ਪਹਿਲਾਂ ਤੋਂ ਚੱਲ ਰਹੇ 27 ਪ੍ਰੋਜੈਕਟਾਂ ਨੂੰ ਹੋਰ ਮਜ਼ਬੂਤ ਬਣਾਉਣਗੇ।ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਡਿਮੇਟ੍ਰੀਓਸ ਨਿਕੋਲਾਈਡਜ਼ ਨੇ ਕਿਹਾ ਕਿ ਬਜਟ 2026 ਐਡਮੰਟਨ ਦੇ ਪਰਿਵਾਰਾਂ ਲਈ ਉਨ੍ਹਾਂ ਦੀ ਲੋੜ ਅਨੁਸਾਰ ਨਵੇਂ ਅਤੇ ਬਦਲਵੇਂ ਸਕੂਲਾਂ ਵਿੱਚ ਨਿਵੇਸ਼ ਕਰ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਘਰ ਦੇ ਨੇੜੇ ਆਧੁਨਿਕ ਅਤੇ ਸੁਵਿਧਾਜਨਕ ਕਲਾਸਰੂਮ ਮਿਲ ਸਕਣ।ਇਨ੍ਹਾਂ 10 ਪ੍ਰੋਜੈਕਟਾਂ ਵਿੱਚ 8 ਨਵੇਂ ਸਕੂਲ ਅਤੇ 2 ਬਦਲਵੇਂ ਸਕੂਲ ਸ਼ਾਮਲ ਹਨ।ਐਡਮੰਟਨ ਪਬਲਿਕ ਸਕੂਲਾਂ ਨੂੰ 4 ਨਵੇਂ ਸਕੂਲਾਂ ਦੀ ਮਨਜ਼ੂਰੀ ਮਿਲੀ ਹੈ। ਐਡਮੰਟਨ ਕੈਥੋਲਿਕ ਸਕੂਲ ਅਤੇ ਕੌਂਸਿਲ ਸਕੋਲੇਅਰ ਸੈਂਟਰ-ਨੋਰਡ ਨੂੰ ਦੋ-ਦੋ ਨਵੇਂ ਸਕੂਲ ਅਤੇ ਇੱਕ-ਇੱਕ ਬਦਲਵਾ ਸਕੂਲ ਮਨਜ਼ੂਰ ਕੀਤਾ ਗਿਆ ਹੈ।

ਇਨ੍ਹਾਂ ਪ੍ਰੋਜੈਕਟਾਂ ਰਾਹੀਂ ਐਡਮੰਟਨ ਵਿੱਚ 8,400 ਤੋਂ ਵੱਧ ਵਿਦਿਆਰਥੀ ਸਥਾਨ ਤਿਆਰ ਜਾਂ ਨਵੀਨੀਕਰਿਤ ਕੀਤੇ ਜਾਣਗੇ। ਬਜਟ 2026 ਵਿੱਚ ਸੂਬੇ ਭਰ ਲਈ ਮਨਜ਼ੂਰ ਕੀਤੇ ਗਏ ਕੁੱਲ 40 ਨਵੇਂ ਪ੍ਰੋਜੈਕਟਾਂ ਨਾਲ ਹੁਣ ਅਲਬਰਟਾ ਵਿੱਚ 161 ਸਕੂਲ ਪ੍ਰੋਜੈਕਟ ਚੱਲ ਰਹੇ ਹਨ।ਬੁਨਿਆਦੀ ਢਾਂਚਾ ਮੰਤਰੀ ਮਾਰਟਿਨ ਲੌਂਗ ਨੇ ਕਿਹਾ ਕਿ ਅਲਬਰਟਾ ਦੀ ਤੇਜ਼ੀ ਨਾਲ ਵਧ ਰਹੀ ਆਬਾਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਲੋੜ ਅਨੁਸਾਰ ਸਕੂਲ ਬਣਾਉਣ ਲਈ ਵਚਨਬੱਧ ਹੈ, ਤਾਂ ਜੋ ਭਾਈਚਾਰਿਆਂ ਵਿੱਚ ਆਧੁਨਿਕ ਸਿੱਖਿਆ ਸਹੂਲਤਾਂ ਉਪਲਬਧ ਹੋ ਸਕਣ।

ਕੌਂਸਿਲ ਸਕੋਲੇਅਰ ਸੈਂਟਰ-ਨੋਰਡ ਦੇ ਚੇਅਰ ਏਟੀਨ ਅਲਾਰੀ ਨੇ ਕਿਹਾ ਕਿ ਇਹ ਘੋਸ਼ਣਾ ਐਡਮੰਟਨ ਦੇ ਫ੍ਰੈਂਕੋਫੋਨ ਪਰਿਵਾਰਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ, ਕਿਉਂਕਿ ਇਸ ਨਾਲ ਫ੍ਰੈਂਕੋਫੋਨ ਸਿੱਖਿਆ ਦੀ ਵਧ ਰਹੀ ਲੋੜ ਨੂੰ ਪੂਰਾ ਕੀਤਾ ਜਾਵੇਗਾ।ਐਡਮੰਟਨ ਕੈਥੋਲਿਕ ਸਕੂਲ ਬੋਰਡ ਦੀ ਚੇਅਰ ਸੈਂਡਰਾ ਪਲਾਜ਼ੋ ਨੇ ਕਿਹਾ ਕਿ ਇਹ ਫੰਡਿੰਗ ਐਡਮੰਟਨ ਭਰ ਵਿੱਚ ਪਰਿਵਾਰਾਂ ਲਈ ਘਰ ਦੇ ਨੇੜੇ ਕੈਥੋਲਿਕ ਸਿੱਖਿਆ ਮੁਹੱਈਆ ਕਰਨ ਲਈ ਸਰਕਾਰ ਦੀ ਸਪੱਸ਼ਟ ਵਚਨਬੱਧਤਾ ਦਰਸਾਉਂਦੀ ਹੈ।

ਅਲਬਰਟਾ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਸਕੂਲਾਂ ਵਿੱਚ ਲਗਭਗ 80,000 ਨਵੇਂ ਵਿਦਿਆਰਥੀ ਸ਼ਾਮਲ ਹੋਏ ਹਨ। ਇਸ ਵਧ ਰਹੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ “ਸਕੂਲ ਨਾਓ” ਪ੍ਰੋਗਰਾਮ ਰਾਹੀਂ ਨਵੇਂ ਸਕੂਲਾਂ ਦੇ ਨਿਰਮਾਣ ਨੂੰ ਤੇਜ਼ ਕਰ ਰਹੀ ਹੈ।ਇਹ ਸਾਰੀ ਯੋਜਨਾ ਸੂਬੇ ਵਿੱਚ 100 ਤੋਂ ਵੱਧ ਸਕੂਲਾਂ ਦੇ ਨਿਰਮਾਣ ਅਤੇ ਨਵੀਨੀਕਰਨ ਲਈ ਕੀਤੇ ਗਏ 8.6 ਬਿਲੀਅਨ ਡਾਲਰ ਦੇ ਵੱਡੇ ਨਿਵੇਸ਼ ਦਾ ਹਿੱਸਾ ਹੈ, ਜਿਸ ਨਾਲ ਅਲਬਰਟਾ ਵਿੱਚ 2 ਲੱਖ ਤੋਂ ਵੱਧ ਨਵੇਂ ਵਿਦਿਆਰਥੀ ਸਥਾਨ ਤਿਆਰ ਹੋਣਗੇ।