ਕੈਲਗਰੀ ਵਾਸੀਆਂ ਲਈ ਘਰਾਂ ਦੇ ਵਧਦੇ ਖਰਚੇ ਬਣੇ ਚਿੰਤਾ ਦਾ ਕਾਰਨ
ਕੈਲਗਰੀ-ਤੇਜ਼ੀ ਨਾਲ ਵਧ ਰਹੀ ਆਬਾਦੀ ਅਤੇ ਮਹਿੰਗੀ ਹੋ ਰਹੀ ਰਿਹਾਇਸ਼ ਕਾਰਨ ਕੈਲਗਰੀ ਦੇ ਕਈ ਪਰਿਵਾਰਾਂ ਲਈ ਘਰ ਚਲਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਮੌਰਗੇਜ, ਕਿਰਾਏ, ਪ੍ਰਾਪਰਟੀ ਟੈਕਸ, ਬੀਮਾ ਅਤੇ ਰੋਜ਼ਾਨਾ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੇ ਘਰੇਲੂ ਬਜਟ ’ਤੇ ਦਬਾਅ ਵਧਾ ਦਿੱਤਾ ਹੈ।ਕੈਲਗਰੀ ਯੂਨੀਵਰਸਿਟੀ ਦੀ ਸ਼ਹਿਰੀ ਯੋਜਨਾਬੰਦੀ ਮਾਹਿਰ ਪ੍ਰੋਫੈਸਰ ਸ਼ਾਸ਼ਾ ਤਸੇਨਕੋਵਾ ਮੁਤਾਬਕ ਸ਼ਹਿਰ ਦੇ ਹਰ ਪੰਜ ਵਿੱਚੋਂ ਇੱਕ ਪਰਿਵਾਰ ਨੂੰ ਰਿਹਾਇਸ਼ੀ ਖਰਚਿਆਂ ਦੀ ਸਮਰੱਥਾ ਸਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਪੰਜ ਸਾਲਾਂ ਵਿੱਚ ਘਰਾਂ ਅਤੇ ਕਿਰਾਏ ਦੇ ਖਰਚਿਆਂ ਵਿੱਚ ਲਗਭਗ 35 ਤੋਂ 40 ਫੀਸਦੀ ਵਾਧਾ ਹੋਇਆ ਹੈ, ਜਦਕਿ ਆਮਦਨ ਵਿੱਚ ਵਾਧਾ ਕਰੀਬ 8 ਫੀਸਦੀ ਰਿਹਾ।
ਮੌਰਗੇਜ ਨਵਿਆਉਣ ਵਾਲੇ ਕਈ ਪਰਿਵਾਰਾਂ ਲਈ ਹਾਲਾਤ ਹੋਰ ਮੁਸ਼ਕਲ ਹਨ। ਇੱਕ ਅਧਿਐਨ ਮੁਤਾਬਕ ਜਨਵਰੀ 2025 ਤੋਂ ਬਾਅਦ ਮੌਰਗੇਜ ਨਵਿਆਉਣ ਵਾਲੇ 45 ਫੀਸਦੀ ਕੈਨੇਡੀਅਨਾਂ ਨੇ ਕਿਹਾ ਕਿ ਉਨ੍ਹਾਂ ਦੇ ਮਹੀਨਾਵਾਰ ਘਰੇਲੂ ਬਜਟ ਦਾ ਅੱਧਾ ਜਾਂ ਇਸ ਤੋਂ ਵੱਧ ਹਿੱਸਾ ਮੌਰਗੇਜ ਵਿੱਚ ਜਾ ਰਿਹਾ ਹੈ।ਕੈਲਗਰੀ ਵਾਸੀਆਂ ਲਈ ਵਧਦੇ ਪ੍ਰਾਪਰਟੀ ਟੈਕਸ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਮੌਰਗੇਜ, ਗੈਸ, ਯੂਟਿਲਿਟੀਜ਼, ਕਰਿਆਨਾ ਅਤੇ ਹੋਰ ਖਰਚਿਆਂ ਦੇ ਵਧਣ ਕਾਰਨ ਘਰ ਦੀ ਮਲਕੀਅਤ ਕਾਇਮ ਰੱਖਣਾ ਮੁਸ਼ਕਲ ਹੋ ਗਿਆ ਹੈ।
ਇੱਕ ਘਰ ਮਾਲਕ ਜੋਨਾਹ ਐਕਰਮੈਨ ਨੇ ਦੱਸਿਆ ਕਿ ਪਰਿਵਾਰਕ ਮੁਸ਼ਕਲਾਂ ਕਾਰਨ ਕੰਮ ਤੋਂ ਛੁੱਟੀ ਅਤੇ ਮੌਰਗੇਜ ਭੁਗਤਾਨਾਂ ਵਿੱਚ ਦੇਰੀ ਤੋਂ ਬਾਅਦ ਉਸ ’ਤੇ ਵਿੱਤੀ ਦਬਾਅ ਕਾਫੀ ਵਧ ਗਿਆ। ਹੁਣ ਉਹ ਲਗਭਗ 3,000 ਡਾਲਰ ਮਹੀਨਾ ਸਿਰਫ਼ ਮੌਰਗੇਜ ਵਿੱਚ ਅਦਾ ਕਰ ਰਿਹਾ ਹੈ।ਮਾਹਿਰਾਂ ਮੁਤਾਬਕ ਤੇਜ਼ੀ ਨਾਲ ਵਧ ਰਹੇ ਸ਼ਹਿਰ ਲਈ ਨਵਾਂ ਬੁਨਿਆਦੀ ਢਾਂਚਾ ਅਤੇ ਸੇਵਾਵਾਂ ਮੁਹੱਈਆ ਕਰਵਾਉਣ ਦਾ ਖਰਚਾ ਵੀ ਵਧ ਰਿਹਾ ਹੈ। ਪਰ ਇਸ ਦੀ ਭਰਪਾਈ ਲਈ ਵਧਦੇ ਟੈਕਸ ਪਹਿਲਾਂ ਹੀ ਮਹਿੰਗਾਈ ਨਾਲ ਜੂਝ ਰਹੇ ਪਰਿਵਾਰਾਂ ’ਤੇ ਹੋਰ ਬੋਝ ਪਾ ਰਹੇ ਹਨ।ਕਈ ਵਸਨੀਕ ਹੁਣ ਇਹ ਵੀ ਮੰਗ ਕਰ ਰਹੇ ਹਨ ਕਿ ਪ੍ਰਾਪਰਟੀ ਟੈਕਸ ਤੋਂ ਇਕੱਠੀ ਹੋਣ ਵਾਲੀ ਰਕਮ ਕਿੱਥੇ ਅਤੇ ਕਿਵੇਂ ਖਰਚ ਕੀਤੀ ਜਾ ਰਹੀ ਹੈ, ਇਸ ਬਾਰੇ ਹੋਰ ਵਿਸਥਾਰਪੂਰਵਕ ਜਾਣਕਾਰੀ ਅਤੇ ਪਾਰਦਰਸ਼ਤਾ ਦਿੱਤੀ ਜਾਵੇ।
















