ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ ਨੇ ਪਾਈਆਂ ਨਵੀਆਂ ਪਿਰਤਾਂ
ਕੈਲਗਰੀ (ਗੁਰਚਰਨ ਕੌਰ ਥਿੰਦ): ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ ਵਲੋਂ ਅਲਬਰਟਾ ਗੌਰਮਿੰਟ ਦੇ ‘ਨਿਊ ਹੋਰਾਈਜ਼ਨ ਫਾਰ ਸੀਨੀਅਰਜ਼ ਪ੍ਰੋਗਰਾਮ’ ਤਹਿਤ ‘ਰੇਸ਼ੇਲਾਈਜ਼ਡ ਸੀਨੀਅਰ ਔਰਤਾਂ ਲਈ ਜਾਗਰੂਕਤਾ’ ਪ੍ਰਾਜੈਕਟ ਹੇਠ ਜੂਨ ਮਹੀਨੇ ਵਿੱਚ ਸੀਨੀਅਰ ਔਰਤਾਂ ਦੇ ਸਸ਼ਕਤੀਕਰਨ ਲਈ ਵਿਸ਼ੇਸ਼ ਐਕਟਿਵੀਟੀਜ਼ ਅਤੇ ‘ਐਂਮਪਾਵਰਿੰਗ ਸੈਲਫ਼ ਐਸਟੀਮ ਐਂਡ ਵੈੱਲਬੀਅੰਗ’ ਬੈਨਰ ਹੇਠ ਅਵੇਅਰਨੈਸ ਈਵੈਂਟ ਦਾ ਆਯੋਜਨ ਕੀਤਾ ਗਿਆ।
15 ਜੂਨ 2025 ਨੂੰ ਸਭਾ ਦੀ ਮਹੀਨਾਵਾਰ ਮੀਟਿੰਗ ਵਿੱਚ ਸੀਨੀਅਰਜ਼ ਵਲੋਂ ਚਿਰਾਂ ਤੋਂ ਵਿਸਰੀ ਕਲਮ ਨੂੰ ਮੁੜ ਫੜਾਉਣ ਦਾ ਉਪਰਾਲਾ ਕਤਾ ਗਿਆ। ਮੇਜ਼ਾਂ ਦੇ ਚੁਫ਼ੇਰੇ ਬੈਠ ਹਰੇਕ ਨੂੰ ਕਾਗਜ਼ ਤੇ ਪੈਨਸਿਲ ਦੇ ਕੇ ਕੁੱਝ ਨਾ ਕੁੱਝ ਲਿਖਣ ਲਈ ਪੇ੍ਰਰਿਆ ਗਿਆ। ਬਹੁਤਿਆਂ ਨੇ ਆਪਣਾ ਨਾਮ ਲਿਖਿਆ। ਫਿਰ ਇਸ ਨੂੰ ਖੁਸ਼ਖੱਤ ਕਰਕੇ ਲਿਖਣ ਦੀ ਜਾਚ ਸਭਾ ਦੀ ਨੌਜੁਆਨ ਮੈਂਬਰ ਮਨਿੰਦਰ ਕੌਰ ਨੇ ਬੋਰਡ ਤੇ ਲਿਖ ਕੇ ਕਰਵਾਈ। ਮਨਿੰਦਰ ਕੈਲਿਓਗਰਾਫ਼ੀ ਦੀ ਮਾਹਿਰ ਹੈ, ਉਸ ਦੇ ਦਿਸ਼ਾ ਨਿਰਦੇਸ਼ ਹੇਠ ਭੈਣਾਂ ਨੇ ਸੁੰਦਰ ਲਿਖਤ ਤੇ ਹੱਥ ਅਜ਼ਮਾਇਆ। ਇਸ ਤਰ੍ਹਾਂ ਉਨ੍ਹਾਂ ਨੂੰ ਆਪਣੀ ਇਕੱਲਤਾ ਵਿੱਚ ਇੱਕ ਹੋਰ ਮਨਪਸੰਦ ਰੁਝੇਵਾਂ ਅਪਣਾਉਣ ਦੀ ਮੁਹਾਰਤ ਹਾਸਲ ਹੋਈ।
29 ਜੂਨ 2025, ਐਤਵਾਰ ਨੂੰ ਆਯੋਜਿਤ ਅਵੇਅਰਨੈੱਸ ਈਵੈਂਟ ਵੀ ਵਿਲੱਖਣ ਸਾਬਤ ਹੋਈ। ਜੈਨੇਸਿਜ਼ ਸੈਂਟਰ ਦੇ ਮਲਟੀਪਰਪਸ ਏ ਤੇ ਬੀ ਕਮਰਿਆਂ ਦੇ ਵੱਡੇ ਹਾਲ ਵਿੱਚ ਸੀਨੀਅਰ ਔਰਤਾਂ ਦੀ ਭਰਵੀਂ ਹਾਜ਼ਰੀ ਵਿੱਚ ਆਪਣੇ ਸਵੈਮਾਣ, ਸਤਿਕਾਰ, ਸਲਾਮਤੀ ਤੇ ਸੁਖ-ਸਾਂਦ ਦੀ ਲੋੜ ਤੇ ਮਹੱਤਤਾ ਸਬੰਧੀ, ਪੀਸੀਐਚਐਸ ਤੋਂ ਆਏ ਮਨੋਵਿਗਿਆਨਕ ਮਾਹਿਰ ਸੰਦੀਪ ਕੌਰ ਵੜਿੰਗ ਨੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਪਰੰਤ ਗੋਲ ਮੇਜ਼ ਡਿਸਕਸ਼ਨ ਹੋਈ, ਜਿਸ ਵਿੱਚ 80 ਦੇ ਲਗਪਗ ਭੈਣਾਂ ਨੇ 10 ਮੇਜ਼ਾਂ ਦੁਆਲੇ ਬੈਠ ਸੰਜੀਦਾ ਵਾਰਤਾਲਾਪ ਵਿੱਚ ਹਿੱਸਾ ਲਿਆ। ਗਲਬਾਤ ਤੋਰਨ ਲਈ ਹਰ ਮੇਜ਼ ਉਪਰ ਮੌਜੂਦ ਫੈਸੀਲੀਟੇਟਰ ਦੇ ਹੱਥ ਅੱਜ ਦੇ ਵਿਸ਼ੇ ਸਬੰਧੀ ਕੁੱਝ ਸੁਆਲ ਸਨ, ਜਿਨ੍ਹਾਂ ਨੂੰ ਉਸ ਸਾਰਿਆਂ ਨਾਲ ਸਾਂਝਾ ਕੀਤਾ ਅਤੇ ਮੇਜ਼ ਦੁਆਲੇ ਬੈਠੀਆਂ ਭੈਣਾਂ ਨੇ ਆਪਣੇ ਨਿੱਜੀ ਅਨੁਭਵਾਂ ਤੇ ਤਜਰਬਿਆਂ ਅਨੁਸਾਰ ਆਪਣੇ ਵਿਚਾਰਾਂ ਦੀ ਸਾਂਝ ਪਾਈ। ਜਿਸ ਨੂੰ ਫੈਸੀਲੀਟੇਟਰ ਨਾਲੋ ਨਾਲ ਨੋਟ ਕਰਦੇ ਗਏ। ਉਪਰੰਤ ਹਰੇਕ ਫੈਸੀਲੀਟੇਟਰ ਨੇ ਆਪਣੇ ਮੇਜ਼ ਤੇ ਹੋਈ ਗਲਬਾਤ ਦਾ ਸਾਰ-ਅੰਸ਼ ਸਾਰਿਆਂ ਨਾਲ ਸਾਂਝਾ ਕੀਤਾ ਤਾਂ ਬਹੁਤ ਰੌਚਕ ਜਾਣਕਾਰੀ, ਤਜਰਬੇ, ਅਨੁਭਵ ਤੇ ਸੁਝਾਅ ਸਾਹਮਣੇ ਆਏ। ਇਸ ਨਾਲ ਸੀਨੀਅਰ ਔਰਤਾਂ ਨੂੰ ਆਪਣੀ ਮਨਮਰਜ਼ੀ ਨਾਲ ਆਪਣਾ ਅੰਦਰਲਾ ਫਰੋਲਣ ਦਾ ਮੌਕਾ ਮਿਲਿਆ ਅਤੇ ਕੁੱਝ ਨਵਾਂ ਕਰਨ ਦੀ ਪ੍ਰਾਪਤੀ ਤੇ ਤਸੱਲੀ ਵੀ ਹੋਈ।
ਹਾਲ ਦੇ ਇੱਕ ਪਾਸੇ ਸਭਾ ਦੀ ਫੂਡ ਕਮੇਟੀ (ਬਲਜੀਤ ਜਠੌਲ, ਤਰਨਜੀਤ ਪਰਮਾਰ, ਸੁਰਿੰਦਰ ਚੀਮਾ ਤੇ ਸੁਰਿੰਦਰ ਗਿੱਲ) ਵਲੋਂ ਪਰੋਸੇ ਤੇ ਵਰਤਾਏ ਖਾਣੇ ਦਾ ਸਭ ਨੇ ਆਨੰਦ ਮਾਣਿਆ ਅਤੇ ਅੰਤ ਵਿੱਚ ਕੁੱਝ ਪੇਸ਼ਕਾਰੀਆਂ ਤੇ ਗਿੱਧੇ ਦੀਆਂ ਬੋਲੀਆਂ ਪਾ ਮਨਪ੍ਰਚਾਵਾ ਕਰਨ ਦਾ ਆਨੰਦ ਵੀ ਸਭ ਨੇ ਮਾਣਿਆ। ਇਸ ਈਵੈਂਟ ਵਿੱਚ ਸਾਊਥ ਵੈੱਸਟ ਦੀ ‘ਕੈਲਗਰੀ ਯੂਨਿਟੀ ਐਂਡ ਵੈੱਲਨੈੱਸ ਸੋਸਾਇਟੀ’ ਦੇ ਦਰਜਨ ਕੁ ਮੈਂਬਰ ਉਚੇਚੇ ਤੌਰ ਤੇ ਸ਼ਾਮਲ ਹੋਏ। ਸਭਾ ਦੇ ਪ੍ਰਧਾਨ ਉਜ਼ਮਾ ਖਾਨ ਨੇ ਆਪਣੀ ਸਭਾ ਬਾਰੇ ਜਾਣਕਾਰੀ ਦਿੱਤੀ ਅਤੇ ਮੈਂਬਰਾਂ ਨਾਲ ਤੁਆਰਫ਼ ਕਰਵਾਇਆ ਅਤੇ ਇਸ ਈਵੈਂਟ ਦਾ ਹਿੱਸਾ ਬਣਨ ਤੇ ਦਿਲੋਂ ਖੁਸ਼ੀ ਜ਼ਾਹਿਰ ਕੀਤੀ। ਵਾਰਡ-5 ਦੇ ਕਾਂਊਂਸਲਰ ਰਾਜ ਧਾਲੀਵਾਲ ਇਸ ਈਵੈਂਟ ਵਿੱਚ ਸ਼ਾਮਲ ਹੋਏ। ਉਨ੍ਹਾਂ ਇਸ ਭਾਵਪੂਰਤ ਈਵੈਂਟ ਕਰਨ ਲਈ ਸਭਾ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਹਰੇਕ ਮੇਜ਼ ਤੇ ਜਾ ਕੇ ਗੱਲਬਾਤ ਕੀਤੀ।
ਇਸ ਈਵੈਂਟ ਵਿੱਚ ਅਵਨੀਤ ਕੌਰ, ਅਮਰੀਤ ਗਿੱਲ, ਗਗਨਦੀਪ ਕੌਰ, ਜਸਮੀਤ ਕੌਰ, ਹਰਜੀਤ ਕੌਰ ਅਤੇ ਉਸਤਤ ਸਿੰਘ ਦੀਆਂ ਫੈਸੀਲੀਟੇਟਰ ਵਜੋਂ ਵਲੰਟੀਅਰ ਸੇਵਾਵਾਂ ਵਿਸ਼ੇਸ਼ ਜ਼ਿਕਰਯੋਗ ਰਹੀਆਂ। ਸਭਾ ਦੇ ਅਹੁਦੇਦਾਰਾਂ ਤੇ ਐਗਜ਼ੈਕਟਿਵ ਕਮੇਟੀ ਵਲੋਂ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਨਿਸ਼ਟਾ ਨਾਲ ਨਿਭਾ ਈਵੈਂਟ ਨੂੰ ਸਫ਼ਲ ਬਣਾਉਣ ਲਈ ਪ੍ਰਧਾਨ ਬਲਵਿੰਦਰ ਬਰਾੜ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਭਾ ਦੀ ਕੋਆਰਡੀਨੇਟਰ ਗੁਰਚਰਨ ਥਿੰਦ ਨੂੰ ਇਸ ਈਵੈਂਟ ਨੂੰ ਉਲੀਕਣ ਅਤੇ ਨੇਪਰੇ ਚੜ੍ਹਾਉਣ ਲਈ ਕੀਤੇ ਗਏ ਅਣਥੱਕ ਯਤਨਾਂ ਦਾ ਸ਼ਾਲ ਦੇ ਰੂਪ ਵਿੱਚ ਸਨਮਾਨ ਭੇਟ ਕਰ ਸਨਮਾਨਿਤ ਕੀਤਾ ਗਿਆ।
ਇਸ ਬੰਦ ਕਮਰਾ ਈਵੈਂਟ ਤੋਂ ਬਾਦ ਜੈਨੇਸਜ਼ ਸੈਂਟਰ ਦੀ ਬਾਹਰਲੀ ਗਰਾਊਂਡ ਵਿੱਚ ਸਭਾ ਵਲੋਂ ‘ਯੰਗਸਤਾਨ ਸਪੋਰਟਸ ਤੇ ਕਲਚਰਲ ਐਸੋਸੀਏਸ਼ਨ’ ਦੇ ਸਹਿਯੋਗ ਨਾਲ ਸੀਨੀਅਰਜ਼ ਲਈ ਹਲਕੀਆਂ ਫੁਲਕੀਆਂ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਸੀ। ਜਿਸ ਵਿੱਚ ਸੌ ਮੀਟਰ ਦੀ ਦੌੜ, ਚਾਟੀ ਰੇਸ, ਚਮਚਾ-ਆਲੂ ਰੇਸ, ਗ੍ਰੈਡਮਾਂ-ਗ੍ਰੈਂਡਕਿਡ ਰੇਸ, ਤੇ ਫੈਮਲੀ ਰੀਲੇਅ ਰੇਸ ਸਨ। ਇਨ੍ਹਾਂ ਖੇਡਾਂ ਨਾਲ ਅੰਦਰਲੀ ਝਿਜਕ ਨੂੰ ਦੂਰ ਕਰ ਸਵੈਮਾਣ ਤੇ ਸਨਮਾਨ ਨਾਲ ਮੁੜ ਜੁੜਨ ਦੀ ਪ੍ਰਵਿਰਤੀ ਨੂੰ ਉਭਾਰਨਾ ਅਤੇ ਖਾਸ ਤੌਰ ਤੇ ਪੀੜ੍ਹੀ-ਪਾੜਾ ਤੇ ਪੁੱਲ ਉਸਾਰਨਾ ਸੀ। ਦਾਦੀ/ਨਾਨੀ ਆਪਣੇ ਪੋਤੇ-ਪੋਤੀ/ਦੋਹਤੇ-ਦੋਹਤੀ ਦਾ ਹੱਥ ਫੜ ਦੌੜਦੀ ਅਤੇ ਇੱਕ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਇੱਕ ਦੂਜੇ ਨੂੰ ਹੱਲਾਸ਼ੇਰੀ ਦੇ ਰੀਲੇਅ ਰੇਸ ਜਿੱਤਣ ਲਈ ਉਤਸ਼ਾਹਿਤ ਕਰਦੀਆਂ ਸਹਿਜ-ਸੁਭਾਅ ਹੀ ਪਰਿਵਾਰ ਨੂੰ ਇੱਕ ਮੁੱਠ ਹੋਣ ਦਾ ਸੁਨੇਹਾ ਦੇ ਗਈਆਂ। ਇਸ ਮੌਕੇ ਐਮ.ਐਲ.ਏ. ਗੁਰਿੰਦਰ ਸਿੰਘ ਨੇ ਹਾਜ਼ਰ ਹੋੇ ਇਸ ਨਿਵੇਕਲੀ ਈਵੈਂਟ ਦੀ ਕਾਮਯਾਬੀ ਤੇ ਵਧਾਈ ਦਿੱਤੀ।ਤਕਰੀਬਨ 35 ਕੁ ਸੀਨੀਅਰ ਭੈਣਾਂ ਨੇ ਇਸ ਐਕਟਿਵਿਟੀ ਵਿੱਚ ਭਾਗ ਲਿਆ। ਭਾਗ ਲੈਣ ਵਾਲਿਆਂ ਨੂੰ ਪਾਰਟੀਸੀਪੇਸ਼ਨ ਮੈਡਲ ਦਿੱਤੇ ਗਏ ਅਤੇ ਹਰੇਕ ਐਕਟਿਵਿਟੀ ਦੇ ਪਹਿਲੇ ਤਿੰਨ ਜੇਤੂਆਂ ਨੂੰ ਵਿਸ਼ੇਸ਼ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ। ਸਭਾ ਵਲੋਂ ‘ਯੰਗਸਤਾਨ ਸਪੋਰਟਸ ਤੇ ਕਲਚਰਲ ਐਸੋਸੀਏਸ਼ਂ ਦੇ ਪ੍ਰਧਾਨ ਸੁਖਵੀਰ ਗਰੇਵਾਲ ਜੀ, ਸਮੁੱਚੀ ਟੀਮ ਤੇ ਵਲੰਟੀਅਰਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ।
















