ਕੈਲਗਰੀ ਲੇਖਕ ਸਭਾ ਵਲੋਂ ਮਜ਼ਦੂਰ ਦਿਵਸ ਤੇ ਮਾਂ ਦਿਵਸ ਨੂੰ ਸਮਰਪਿਤ ਮੀਟਿੰਗ
ਕੈਲਗਰੀ (ਗੁਰਚਰਨ ਕੌਰ ਥਿੰਦ): ਕੈਲਗਰੀ ਲੇਖਕ ਸਭਾ ਦੀ 3 ਮਈ 2025 ਦਿਨ ਸ਼ਨੀਵਾਰ ਨੂੰ ਕੋਸੋ ਹਾਲ ਵਿੱਚ ਵਾਈਸ-ਪ੍ਰਧਾਨ ਸੁਰਿੰਦਰ ਸਿੰਘ ਢਿੱਲੋਂ ਅਤੇ ਮਨਿੰਦਰ ਕੌਰ ਚਾਨੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਮਜ਼ਦੂਰ ਅਤੇ ਮਾਂ-ਦਿਵਸ ਨੂੰ ਸਮਰਪਿਤ ਰਹੀ। ਸਕੱਤਰ ਗੁਰਚਰਨ ਥਿੰਦ ਨੇ ਮਜ਼ਦੂਰਾਂ ਵਲੋਂ ਆਪਣੇ ਹੱਕਾਂ ਲਈ ਕੀਤੀ ਗਈ ਲੰਮੀ ਜਦੋਜਹਿਦ ਦੇ ਫਲਸਰੂਪ ਇੱਕ ਮਈ ਨੂੰ ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ ਮਨਾਏ ਜਾਣ ਬਾਰੇ ਅਤੇ ਮਾਂ ਦੇ ਆਪਣੇ ਬੱਚੇ, ਪਰਿਵਾਰ ਤੇ ਸਮਾਜ ਲਈ ਪਾਏ ਜਾਣ ਵਾਲੇ ਯੋਗਦਾਨ ਤੇ ਵਿਚਾਰ ਸਾਂਝੇ ਕੀਤੇ। ਜਸਵਿੰਦਰ ਸਿੰਘ ਰੁਪਾਲ ਨੇ ਮਜ਼ਦੂਰ ਦਿਵਸ ਦਾ ਜ਼ਿਕਰ ਕਰਦੇ ਹੋਏ ਇਸ ਨੂੰ ਬਾਬੇ ਨਾਨਕ ਦੇ ਹੱਥੀਂ ਕ੍ਰਿਤ ਕਰਨ ਦੇ ਸਿਧਾਂਤ ਨਾਲ ਜੋੜ ਅਜੋਕੇ ਸਮੇਂ ਵਿੱਚ ਵੀ ਮਜ਼ਦੂਰ ਦੀ ਕ੍ਰਿਤ ਤੇ ਮਲਿਕ ਭਾਗੋਆਂ ਦੇ ਕਬਜ਼ੇ ਦੀ ਗੱਲ ਕੀਤੀ। ਉਨ੍ਹਾਂ ਮਈ ਮਹੀਨੇ ਆਉਣ ਵਾਲੇ ਸਰਹੰਦ ਫਤੇਹ ਦਿਵਸ ਅਤੇ ਪਰਿਵਾਰ ਦਿਵਸ ਦਾ ਵਰਨਣ ਕੀਤਾ। ਦੀਪਕ ਜੈਤੋਈ ਮੰਚ ਦੇ ਪ੍ਰਧਾਨ ਜੈਤੋ ਨਿਵਾਸੀ ਦਰਸ਼ਨ ਸਿੰਘ ਬਰਾੜ ਨੇ ਨਾਭਾ ਦੇ ਰਾਜੇ ਦੇ ਹੱਕ ਵਿੱਚ ਅੰਗਰੇਜ਼ਾਂ ਵਿਰੁੱਧ ਲਗਾਏ ਗਏ ਜੈਤੋ ਦੇ ਮੋਰਚੇ ਦਾ ਇਤਿਹਾਸਕ ਪਿਛੋਕੜ ਬਿਆਨ ਕੀਤਾ ਅਤੇ ਆਪਣੀ ਰਚਨਾ ਸਾਂਝੀ ਕੀਤੀ। ਸਰਦੂਲ ਸਿੰਘ ਲੱਖਾ ਤੇ ਰਵਿੰਦਰ ਕੌਰ ਨੇ ਲਘੂ ਨਾਟਕ ਪੜ੍ਹ ਕੇ ਸੁਣਾਇਆ। ਲੱਖਾ ਜੀ ਵਲੋਂ ਆਪਣੇ ਲਿਖੇ ਨਾਟਕ ਨੂੰ ਸਭਾ ਵਿੱਚ ਪੇਸ਼ ਕਰਨ ਦੇ ਇਸ ਢੰਗ ਨੂੰ ਸਭ ਵਲੋਂ ਸਲਾਹਿਆ ਗਿਆ। ਮਨਮੋਹਨ ਸਿੰਘ ਬਾਠ ਨੇ ਕਿਹਾ ਕਿ ਮਜ਼ਦੂਰ ਤੇ ਮਾਲਕ ਦਾ ਪਾੜਾ ਨਿੱਤ ਵਧ ਰਿਹਾ ਹੈ। ਉਨ੍ਹਾਂ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਗੀਤ ‘ਮੈ ਕੰਡਿਆਲੀ ਥੋਹਰ ਵੇ ਸਜਨਾ’ ਆਪਣੀ ਸੁਰੀਲੀ ਅਵਾਜ਼ ਵਿੱਚ ਗਾਇਆ। ਦਰਸ਼ਨ ਸਿੰਘ ਜੀ ਨੇ ਮਾਂ ਦੇ ਰੂਪ ਵਿੱਚ ਔਰਤ ਦੀ ਸ਼ਹਿਨਸ਼ੀਲਤਾ ਬਾਰੇ ਗੱਲ ਕੀਤੀ ਅਤੇ ਸੁਪਨੇ ਦੇ ਰੂਪ ਵਿੱਚ ਆਪਣੀ ਮਾਂ ਨੂੰ ਸੰਬੋਧਤ ਰਚਨਾ ਪੇਸ਼ ਕੀਤੀ। ਸੁਰਿੰਦਰ ਸਿੰਘ ਢਿਲੋਂ ਨੇ ਸਭਾ ਵਿੱਚ ਭਰਵੀਂ ਹਾਜ਼ਰੀ ਤੇ ਸਾਰਥਕ ਟਿੱਪਣੀ ਕੀਤੀ। ਉਨ੍ਹਾਂ ਪਿਛਲੀ ਸਦੀ ਵਿੱਚ ਮਜ਼ਦੂਰਾਂ ਦੇ ਆਰਗੇਨਾਈਜ਼ਡ ਸੰਗਠਨਾਂ ਦੇ ਰੋਲ ਦੀ ਚਰਚਾ ਕਰਦੇ ਪੰਜਾਬ ਵਿੱਚ ਯੂ.ਪੀ. ਬਿਹਾਰ ਤੋਂ ਆਏ ਮਜ਼ਦੂਰਾਂ ਦੇ ਖੇਤੀ ਬਾੜੀ ਵਿੱਚ ਪਾਏ ਜਾਣ ਵਾਲੇ ਯੋਗਦਾਨ ਨੂੰ ਸਲਾਹੁੰਦੇ ਕਿਹਾ ਕਿ ਪ੍ਰੰਤੂ ਅਫ਼ਸੋਸ ਹੈ ਕਿ ਅਸੀਂ ਪੰਜਾਬੀ ਉਨ੍ਹਾਂ ਨੂੰ ਨਫ਼ੳਮਪ;ਰਤ ਭਰੇ ਲਹਿਜ਼ੇ ਨਾਲ ‘ਭਈਆ’ ਆਖ ਬੁਲਾਉਂਦੇ ਹਾਂ ਅਤੇ ਅੱਜ ਕਾਰਲ ਮਾਰਕਸ ਦੇ ਪਦ-ਚਿੰਨ੍ਹਾਂ ਤੇ ਚਲਣ ਵਾਲੇ ਅਰਬਪਤੀ ਬਣੇ ਹੋਏ ਹਨ।
ਇੰਜ: ਜੀਰ ਸਿੰਘ ਬਰਾੜ ਨੇ ਮਜ਼ਦੂਰ ਸੰਘਰਸ਼ ਦੇ ਪਿਛੋਕੜ ਨੂੰ ਬਿਆਨਿਆ ਅਤੇ ਕਿਹਾ ਕਿ ਦਰਸਾਈ ਜਾਂਦੀ ਮਿੱਥ ਅਨੁਸਾਰ ਧਰਤੀ ਨੂੰ ਬੌਲਦ ਨੇ ਆਪਣੇ ਸਿੰਙਾਂ ਤੇ ਨਹੀਂ ਚੁੱਕਿਆ ਬਲਕਿ ਮਜ਼ਦੂਰ ਧਰਤੀ ਨੂੰ ਚੁੱਕੀ ਫਿਰਦੇ ਹਨ। ਗੁਰਚਰਨ ਸਿੰਘ ਹੇਰ ਜੀ ਨੇ ਅੱਤਵਾਦ ਤੇ ਲਿਖੀ ਆਪਣੀ ਰਚਨਾ ‘ਸੂਰਜ ਦੀਆਂ ਅਕਲਾਂ ਵਾਲੇ ਅਕਲਾਂ ਨੂੰ ਝਾੜ ਗਏ, ਰੋਟੀ ਕਿਰਦਾਰਾਂ ਦੀ ਉਹ ਤਵਿਆਂ ਤੇ ਸਾੜ ਗਾਏ’ ਪੇਸ਼ ਕੀਤੀ। ਮਨਿੰਦਰ ਚਾਨੇ ਨੇ ਤ੍ਰਿਲੋਕ ਸਿੰਘ ਆਨੰਦ ਦੁਆਰਾ ਰਚਿਤ ਗ਼ਜ਼ਲ ‘ਕੱਲ੍ਹ ਪਰਸੋਂ ਇਸ ਬਸਤੀ ਅੰਦਰ ਘਟੀਆਂ ਕੁੱਝ ਘਟਨਾਵਾਂ, ਤਸਵੀਰਾਂ ਦੀ ਗਰਦ ਝਾੜਨ ਉਹ ਨਿਕਰਮਣ ਮਾਵਾਂ’ ਸੁਣਾਈ। ਪ੍ਰੀਤ ਸਾਗਰ ਸਿੰਘ ਨੇ ਕਿਹਾ ਕਿ ਕਾਰਪੋਰੇਟ ਐਂਪਲਾਈ ਤਾਂ ਮਜ਼ਦੂਰ ਦਿਵਸ ਦੀ ਛੁੱਟੀ ਮਾਣ ਰਿਹਾ ਹੁੰਦਾ ਪਰ ਜਿਨ੍ਹਾਂ ਖਾਤਰ ਇਹ ਦਿਨ ਹੈ ਉਹ ਕਾਰਖਾਨਿਆਂ ਤੇ ਖੇਤਾਂ ਵਿੱਚ ਰੁਲ਼ ਰਹੇ ਹੁੰਦੇ ਹਨ। ਉਨ੍ਹਾਂ ਇਸ ਵਰਗ ਨੂੰ ਸਮਰਪਤ ਅੰਗਰੇਜ਼ੀ ਵਿੱਚ ਲਿਖੀ ਕਵਿਤਾ ਸਾਂਝੀ ਕੀਤੀ। ਅਮਨਪ੍ਰੀਤ ਸਿੰਘ ਨੇ ਸਿੱਖੀ ਸਿਧਾਂਤ ਦੇ ਸੰਦਰਭ ਵਿੱਚ ਮਜ਼ਦੂਰਾਂ ਤੇ ਮਜ਼ਦੂਰ ਦਿਵਸ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਤੇ ਸਭਿਆਚਾਰ ਨਾਲ ਜੋੜਨ ਦੀ ਲੋੜ ਹੈ। ਗੁਰਮੀਤ ਸਿੰਘ ਤੰਬੜ ਨੇ ‘ਮਾਂ ਦੀ ਘਾਟ’ ਕਵਿਤਾ ਨਾਲ ਸਾਂਝ ਪਾਈ। ਸੁਖਵਿੰਦਰ ਸਿੰਘ ਥਿੰਦ ਨੇ ਪੰਜਾਬ ਵਿੱਚ ਝੋਨੇ ਦੀ ਅਗੇਤਰੀ ਬਿਜਾਈ ਨਾਲ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਰਨਣ ਕੀਤਾ। ਸਰਦੂਲ ਸਿੰਘ ਲੱਖਾ ਨੇ ਇੱਕ ਵਾਰ ਫਿਰ ਆਪਣੀ ਲਿਖੀ ਕਹਾਣੀ ਸੁਣਾ ਕੇ ਹਾਜ਼ਰੀ ਲੁਆ ਲਈ। ਅੰਤ ਵਿੱਚ ਗੁਰਚਰਨ ਥਿੰਦ ਨੇ ਆਪਣੀ ਰਚਨਾ ‘ਧਰਤੀ ਮਾਂ’ ਸਾਂਝੀ ਕੀਤੀ ਅਤੇ ਸਭ ਦਾ ਧੰਨਵਾਦ ਕਰ ਮੀਟਿੰਗ ਦੀ ਸਮਾਪਤੀ ਕਰ ਦਿੱਤੀ।
















