AAP ਦੇ ਇਲਜ਼ਾਮਾਂ ‘ਤੇ ਰਾਘਵ ਚੱਢਾ ਦਾ ਪਲਟਵਾਰ, “ਹਰ ਝੂਠ ਦਾ ਕਰਾਂਗਾ ਪਰਦਾਫਾਸ਼”

AAP ਦੇ ਇਲਜ਼ਾਮਾਂ ‘ਤੇ ਰਾਘਵ ਚੱਢਾ ਦਾ ਪਲਟਵਾਰ, “ਹਰ ਝੂਠ ਦਾ ਕਰਾਂਗਾ ਪਰਦਾਫਾਸ਼”

ਚੰਡੀਗੜ੍ਹ-ਆਮ ਆਦਮੀ ਪਾਰਟੀ (AAP) ਵਿੱਚ ਵਧ ਰਹੇ ਅੰਦਰੂਨੀ ਟਕਰਾਅ ਦਰਮਿਆਨ Raghav Chadha ਨੇ ਆਪਣੇ ਖ਼ਿਲਾਫ਼ ਲੱਗੇ ਇਲਜ਼ਾਮਾਂ ‘ਤੇ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਇੱਕ “ਸਕਰਿਪਟਡ ਕੈਂਪੇਨ” ਚਲਾਇਆ ਜਾ ਰਿਹਾ ਹੈ।

ਚੱਢਾ ਨੇ ਕਿਹਾ, “ਮੈਂ ਘਾਇਲ ਹਾਂ, ਇਸ ਲਈ ਘਾਤਕ ਹਾਂ ਅਤੇ ਹਰ ਝੂਠ ਦਾ ਪਰਦਾਫਾਸ਼ ਕਰਾਂਗਾ।” ਉਨ੍ਹਾਂ ਦਾਅਵਾ ਕੀਤਾ ਕਿ ਇੱਕੋ ਜਿਹੀ ਭਾਸ਼ਾ ਅਤੇ ਇਲਜ਼ਾਮਾਂ ਨਾਲ ਯੋਜਨਾਬੱਧ ਤਰੀਕੇ ਨਾਲ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਵਾਕਆਊਟ ਦੌਰਾਨ ਸੰਸਦ ਵਿੱਚ ਬੈਠੇ ਰਹਿਣ ਦੇ ਇਲਜ਼ਾਮਾਂ ਨੂੰ ਰੱਦ ਕਰਦੇ ਹੋਏ ਚੱਢਾ ਨੇ ਕਿਹਾ ਕਿ ਇਹ ਸਰਾਸਰ ਝੂਠ ਹੈ। ਉਨ੍ਹਾਂ ਚੁਣੌਤੀ ਦਿੱਤੀ ਕਿ ਜੇਕਰ ਇਹ ਸਹੀ ਹੈ ਤਾਂ CCTV ਫੁਟੇਜ ਪੇਸ਼ ਕੀਤੀ ਜਾਵੇ।

ਸੀਈਸੀ ਨੂੰ ਹਟਾਉਣ ਲਈ ਪਟੀਸ਼ਨ ਦਾ ਸਮਰਥਨ ਨਾ ਕਰਨ ਦੇ ਦੋਸ਼ਾਂ ‘ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਨੇਤਾ ਵੱਲੋਂ ਉਨ੍ਹਾਂ ਨੂੰ ਇਸ ਬਾਰੇ ਦਸਤਖ਼ਤ ਕਰਨ ਲਈ ਨਹੀਂ ਕਿਹਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਖੁਦ ਵੀ ਇਸ ‘ਤੇ ਦਸਤਖ਼ਤ ਨਹੀਂ ਕੀਤੇ।

ਚੱਢਾ ਨੇ ਦਾਅਵਾ ਕੀਤਾ ਕਿ ਉਹ ਸੰਸਦ ਵਿੱਚ ਹੰਗਾਮਾ ਕਰਨ ਲਈ ਨਹੀਂ, ਸਗੋਂ ਲੋਕਾਂ ਦੇ ਮੁੱਦੇ ਉਠਾਉਣ ਲਈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਮਹਿੰਗਾਈ, ਬੇਰੁਜ਼ਗਾਰੀ, ਟੈਕਸ ਅਤੇ ਜਨਤਕ ਸਹੂਲਤਾਂ ਵਰਗੇ ਮਸਲਿਆਂ ‘ਤੇ ਲਗਾਤਾਰ ਆਵਾਜ਼ ਉਠਾਉਂਦੇ ਰਹੇ ਹਨ।

ਉਨ੍ਹਾਂ ਕਿਹਾ, “ਮੈਂ ਸੰਸਦ ਵਿੱਚ ਪ੍ਰਭਾਵ ਪੈਦਾ ਕਰਨ ਲਈ ਗਿਆ ਸੀ, ਰੌਲਾ ਪਾਉਣ ਲਈ ਨਹੀਂ।”