ਅਲਬਰਟਾ ਵਿੱਚ ਲੋਕਾਂ ਨੂੰ ਡਾਇਗਨੋਸਟਿਕ ਟੈਸਟ ਲਈ ਖੁਦ ਰੈਫਰ ਕਰਨ ਦੀ ਮਿਲ ਸਕਦੀ ਹੈ ਇਜਾਜ਼ਤ
ਕੈਲਗਰੀ- ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਸਿਹਤ ਪ੍ਰਣਾਲੀ ਵਿੱਚ ਵੱਡੇ ਬਦਲਾਵਾਂ ਦੇ ਤਹਿਤ ਸਰਕਾਰ ਨੇ ਨਵਾਂ ਕਦਮ ਚੁੱਕਦਿਆਂ ਲੋਕਾਂ ਨੂੰ ਪ੍ਰੀਵੇਂਟਿਵ (ਰੋਕਥਾਮੀ) ਟੈਸਟਾਂ ਲਈ ਖੁਦ ਰੈਫਰ ਕਰਨ ਦੀ ਇਜਾਜ਼ਤ ਦੇਣ ਦੀ ਯੋਜਨਾ ਬਣਾਈ ਹੈ, ਤਾਂ ਜੋ ਸਿਹਤ ਸੇਵਾਵਾਂ ਤੱਕ ਪਹੁੰਚ ਵਧੇ ਅਤੇ ਸਿਸਟਮ ‘ਤੇ ਦਬਾਅ ਘਟੇ।
ਐਡਰੀਆਨਾ ਲਾਗ੍ਰੇਂਜ, ਜੋ ਪ੍ਰਾਇਮਰੀ ਅਤੇ ਪ੍ਰੀਵੇਂਟੇਟਿਵ ਹੈਲਥ ਸੇਵਾਵਾਂ ਦੀ ਮੰਤਰੀ ਹਨ, ਨੇ ਕਿਹਾ ਕਿ ਇਸ ਕਾਨੂੰਨ ਦੇ ਪੂਰੇ ਨਿਯਮ ਹਜੇ ਤਿਆਰ ਕੀਤੇ ਜਾਣੇ ਹਨ ਅਤੇ ਮੌਜੂਦਾ ਬਿੱਲ ਸਿਰਫ਼ ਪ੍ਰਕਿਰਿਆ ਦਾ ਹਿੱਸਾ ਹੈ। ਉਨ੍ਹਾਂ ਮੰਨਿਆ ਕਿ ਅਲਬਰਟਾ ਵਿੱਚ ਲੋਕਾਂ ਨੂੰ ਡਾਇਗਨੋਸਟਿਕ ਟੈਸਟਾਂ ਲਈ ਕਾਫ਼ੀ ਦੇਰ ਤੱਕ ਉਡੀਕ ਕਰਨੀ ਪੈਂਦੀ ਹੈ, ਜਿਸ ਕਰਕੇ ਇਹ ਕਦਮ ਲਾਜ਼ਮੀ ਹੈ।
ਮੰਤਰੀ ਨੇ ਕਿਹਾ ਕਿ ਬਿਮਾਰੀਆਂ ਦੀ ਸ਼ੁਰੂਆਤੀ ਪਹਿਚਾਣ ਨਾਲ ਇਲਾਜ ਆਸਾਨ ਅਤੇ ਪ੍ਰਭਾਵਸ਼ਾਲੀ ਹੁੰਦਾ ਹੈ ਅਤੇ ਇਸ ਨਾਲ ਸਿਹਤ ਪ੍ਰਣਾਲੀ ‘ਤੇ ਭਾਰ ਵੀ ਘਟਦਾ ਹੈ।ਸਰਕਾਰ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਹੜੇ-ਕਿਹੜੇ ਟੈਸਟ ਖੁਦ ਰੈਫਰਲ ਲਈ ਉਪਲਬਧ ਹੋਣਗੇ, ਪਰ ਪਹਿਲਾਂ ਦਿੱਤੀ ਜਾਣਕਾਰੀ ਮੁਤਾਬਕ ਲੋਕ ਪ੍ਰਾਈਵੇਟ ਤੌਰ ‘ਤੇ MRI, CT ਸਕੈਨ, ਫੁੱਲ ਬਾਡੀ ਸਕੈਨ ਅਤੇ ਬਲੱਡ ਟੈਸਟ ਵਰਗੀਆਂ ਸੇਵਾਵਾਂ ਖਰੀਦ ਸਕਣਗੇ।ਡੈਨੀਅਲ ਸਮਿਥ ਦੀ ਅਗਵਾਈ ਹੇਠ ਸਰਕਾਰ ਦਾ ਕਹਿਣਾ ਹੈ ਕਿ ਸਿਹਤ ਪੇਸ਼ੇਵਰ ਇਹ ਸੇਵਾਵਾਂ ਨਿੱਜੀ ਤੌਰ ‘ਤੇ ਦੇ ਸਕਣਗੇ ਅਤੇ ਇੰਸ਼ੋਰੈਂਸ ਪਾਲਿਸੀਆਂ ਰਾਹੀਂ ਇਨ੍ਹਾਂ ਨੂੰ ਕਵਰ ਵੀ ਕੀਤਾ ਜਾ ਸਕੇਗਾ। ਹਾਲਾਂਕਿ ਸਰਕਾਰ “ਆਖਰੀ ਭੁਗਤਾਨ ਕਰਤਾ” ਵਜੋਂ ਕੰਮ ਕਰੇਗੀ।ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਨਾਲ ਪਬਲਿਕ ਹੈਲਥ ਸਿਸਟਮ ‘ਚ ਕੋਈ ਕਟੌਤੀ ਨਹੀਂ ਹੋਵੇਗੀ। ਡਾਕਟਰ ਵੱਲੋਂ ਲਿਖੇ ਟੈਸਟਾਂ ਨੂੰ ਪਹਿਲ ਮਿਲਦੀ ਰਹੇਗੀ ਅਤੇ ਉਹ ਅਜੇ ਵੀ ਸਰਕਾਰੀ ਹੈਲਥ ਇੰਸ਼ੋਰੈਂਸ ਤਹਿਤ ਕਵਰ ਹੋਣਗੇ।
ਇਸਦੇ ਨਾਲ ਹੀ ਬਿੱਲ 29 ਤਹਿਤ ਡਾਕਟਰਾਂ ਅਤੇ ਨਰਸ ਪ੍ਰੈਕਟੀਸ਼ਨਰਾਂ ਨੂੰ ਕੁਝ ਨਸ਼ਾ ਛੁਡਾਉ ਇਲਾਜ ਵਾਲੀਆਂ ਦਵਾਈਆਂ ਆਪਣੇ ਕਲੀਨਿਕਾਂ ਵਿੱਚ ਰੱਖਣ ਦੀ ਵੀ ਇਜਾਜ਼ਤ ਦਿੱਤੀ ਜਾਵੇਗੀ, ਤਾਂ ਜੋ ਐਮਰਜੈਂਸੀ ਹਾਲਤ ਵਿੱਚ ਮਰੀਜ਼ਾਂ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਜਾ ਸਕੇ।ਮੰਤਰੀ ਲਾਗ੍ਰੇਂਜ ਨੇ ਕਿਹਾ ਕਿ ਇਹ ਕਦਮ ਰੁਕਾਵਟਾਂ ਨੂੰ ਘਟਾਉਣ, ਇਲਾਜ ਵਿੱਚ ਦੇਰੀ ਨੂੰ ਖਤਮ ਕਰਨ ਅਤੇ ਮਰੀਜ਼ਾਂ ਲਈ ਬਿਹਤਰ ਨਤੀਜੇ ਯਕੀਨੀ ਬਣਾਉਣ ਵੱਲ ਇੱਕ ਅਹਿਮ ਕਦਮ ਹੈ।ਇਹ ਬਦਲਾਅ ਇਸ ਸਾਲ ਦੇ ਅੰਤ ਤੱਕ ਲਾਗੂ ਹੋਣ ਦੀ ਸੰਭਾਵਨਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਅਲਬਰਟਾ ਦੇ ਸਿਹਤ ਪ੍ਰਣਾਲੀ ਵਿੱਚ ਸੁਧਾਰ ਲਈ ਲੰਬੇ ਸਮੇਂ ਤੋਂ ਚੱਲ ਰਹੇ ਯਤਨਾਂ ਦਾ ਆਖਰੀ ਹਿੱਸਾ ਹੈ, ਹਾਲਾਂਕਿ ਵਿਰੋਧੀਆਂ ਵੱਲੋਂ ਇਸ ‘ਤੇ ਸਵਾਲ ਵੀ ਉਠਾਏ ਜਾ ਰਹੇ ਹਨ।
















