ਬੀ.ਸੀ. ਐਨਡੀਪੀ ਅਤੇ ਬੀ.ਸੀ. ਗ੍ਰੀਨਜ਼ ਕਰ ਰਹੇ ਹਨ ਸਾਂਝੀਆਂ ਤਰਜੀਹਾਂ ’ਤੇ“ਪ੍ਰਗਤੀ
ਵੈਨਕੂਵਰ-ਬੀ.ਸੀ. ਐਨਡੀਪੀ ਅਤੇ ਬੀ.ਸੀ. ਗ੍ਰੀਨਜ਼ ਦੀਆਂ ਸਾਂਝੀਆਂ ਤਰਜੀਹਾਂ ’ਤੇ ਪ੍ਰਗਤੀ ਹੋ ਰਹੀ ਹੈ। ਜਾਣਕਾਰੀ ਮੁਤਾਬਕ ਡਿਪਟੀ ਪ੍ਰੀਮੀਅਰ ਨਿੱਕੀ ਸ਼ਰਮਾ ਅਤੇ ਅੰਤਰਿਮ ਬੀ.ਸੀ. ਗ੍ਰੀਨ ਲੀਡਰ ਜੇਰੇਮੀ ਵੈਲੇਰੀਓਟ ਨੇ ਦੋਵਾਂ ਪਾਰਟੀਆਂ ਦੇ ਸਹਿਯੋਗ ਅਤੇ ਜ਼ਿੰਮੇਵਾਰ ਸਰਕਾਰ ਸਮਝੌਤੇ ਬਾਰੇ ਇੱਕ ਅਪਡੇਟ ਦੇ ਸੰਬੰਧ ਵਿੱਚ ਮੀਡੀਆ ਨਾਲ ਗੱਲ ਕੀਤੀ ਜਿੱਥੇ ਉਹਨਾਂ ਕਿਹਾ ਕਿ“ਸਾਨੂੰ ਬ੍ਰਿਟਿਸ਼ ਕੋਲੰਬੀਆ ਵਾਸੀਆਂ ਵੱਲੋਂ ਇਕੱਠੇ ਕੰਮ ਕਰਨ ਲਈ ਵਿਧਾਨ ਸਭਾ ਵਿੱਚ ਭੇਜਿਆ ਗਿਆ ਸੀ ਅਤੇ ਇਹੀ ਅਸੀਂ ਗ੍ਰੀਨ ਕਾਕਸ ਵਿੱਚ ਆਪਣੇ ਸਹਿਯੋਗੀਆਂ ਨਾਲ ਕਰ ਰਹੇ ਹਾਂ। ਪ੍ਰੀਮੀਅਰ ਨਿੱਕੀ ਨੇ ਗੱਲਬਾਤ ਜਾਰੀ ਕਰਦਿਆਂ ਕਿਹਾ ਕਿ ਪਿਛਲੇ 12 ਮਹੀਨਿਆਂ ਤੋਂ ਸੂਬੇ ਭਰ ਵਿੱਚ ਕਿਰਾਏ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਵੇਂ ਪਾਰਟੀਆਂ ਹੋਰ ਘਰ ਬਣਾਉਣ ਲਈ ਇਕੱਠੇ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ 3,000 ਤੋਂ ਵੱਧ ਕਿਰਾਏ ਦੀਆਂ ਜਾਂ ਕਿਫਾਇਤੀ ਇਕਾਈਆਂ ਪੂਰੀਆਂ ਹੋ ਚੁੱਕੀਆਂ ਹਨ ਜਾਂ ਚੱਲ ਰਹੀਆਂ ਹਨ। ਇਹਨਾਂ ਵਿੱਚੋਂ ਬਹੁਤ ਸਾਰੀਆਂ ਇਕਾਈਆਂ ਨੂੰ ਕਮਿਊਨਿਟੀ ਹਾਊਸਿੰਗ ਫੰਡ, ਇੰਡੀਜੀਨਸ ਹਾਊਸਿੰਗ ਫੰਡ, ਸਪੋਰਟਿਵ ਹਾਊਸਿੰਗ ਫੰਡ ਅਤੇ ਵੂਮੈਨਜ਼ ਟਰਾਂਜਿਸ਼ਨ ਹਾਊਸਿੰਗ ਫੰਡ ਦੁਆਰਾ ਫੰਡ ਦਿੱਤਾ ਗਿਆ ਸੀ। ਇਸ ਦੌਰਾਨ ਵੈਲੇਰੀਓਟ ਨੇ ਕਿਹਾ ਕਿ ਉਹ ਖਾਸ ਤੌਰ ’ਤੇ ਸੂਬੇ ਭਰ ਵਿੱਚ ਸਿਹਤ ਸੰਭਾਲ ਤੱਕ ਪਹੁੰਚ ਨੂੰ ਬਿਹਤਰ ਬਣਾਉਣ ’ਤੇ ਕੇਂਦ੍ਰਿਤ ਹਨ। ਸਿਹਤ ਸੰਭਾਲ ਸੂਬੇ ਭਰ ਵਿੱਚ ਇੱਕ ਗਰਮ ਵਿਸ਼ਾ ਬਣ ਗਿਆ ਹੈ ਕਿਉਂਕਿ ਐਮਰਜੈਂਸੀ ਕਮਰੇ ਸਟਾਫ ਦੀ ਘਾਟ ਕਾਰਨ ਵਾਰ-ਵਾਰ ਬੰਦ ਹੋ ਰਹੇ ਹਨ। ਜ਼ਿਕਰਯੋਗ ਹੈ ਸਮਝੌਤੇ ਦੇ ਤਹਿਤ ਹੋਰ ਸਾਂਝੀਆਂ ਤਰਜੀਹਾਂ ਵਿੱਚ ਆਵਾਜਾਈ, ਜਲਵਾਯੂ, ਵਾਤਾਵਰਣ ਅਤੇ ਸਮਾਜਿਕ ਅਤੇ ਆਰਥਿਕ ਨਿਆਂ ਸ਼ਾਮਲ ਹਨ।
















