ਕੈਲਗਰੀ ਲੇਖਕ ਸਭਾ ਦੀ ਇਕੱਤਰਤਾ ਅਜ਼ਾਦੀ ਦਿਵਸ ਨੂੰ ਸਮਰਪਤ

ਕੈਲਗਰੀ ਲੇਖਕ ਸਭਾ ਦੀ ਇਕੱਤਰਤਾ ਅਜ਼ਾਦੀ ਦਿਵਸ ਨੂੰ ਸਮਰਪਤ

ਕੈਲਗਰੀ -ਕੈਲਗਰੀ ਲੇਖਕ ਸਭਾ ਦੀ ਅਗਸਤ ਮਹੀਨੇ ਦੀ ਮਟਿੰਗ ੨ ਅਗਸਤ, ੨੦੨੫ ਨੂੰ ਕੋਸੋ ਹਾਲ ਵਿੱਚ ਹੋਈ। ਸਕੱਤਰ ਗੁਰਚਰਨ ਥਿੰਦ ਨੇ ਭਾਰਤ ਦੀ ਅਜ਼ਾਦੀ ਦੇ ਦਿਹਾੜੇ ੧੫ ਅਗਸਤ ੧੯੪੭ ਨੂੰ ਸੰਬੋਧਤ ਹੋ ਅਜ਼ਾਦੀ ਦੇ ਲੰਮੇ ਸੰਘਰਸ਼ ਦੀ ਗੱਲ ਕਰਦਿਆਂ ਇਸ ਸੰਘਰਸ਼ ਵਿੱਚ ਉੱਤਰੀ ਅਮਰੀਕਾ ਤੋਂ ਭਾਰਤ ਪਹੁੰਚੇ ਗਦਰੀ ਬਾਬਿਆਂ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਸਵਤੰਤਰਤਾ ਦਾ ਐਲਾਨ ਦੇਸ਼ ਦੀ ਵੰਡ ਵੀ ਨਾਲ ਲੈਕੇ ਆਇਆ, ਪੰਜਾਬ ਤੇ ਬੰਗਾਲ ਦੇ ਦੋ ਦੋ ਟੋਟੇ ਹੋਏ। ਫਲਸਰੂਪ ਪੰਜਾਬ ਵਿੱਚ ਅਬਾਦੀ ਦੇ ਤਬਾਦਲੇ ਕਾਰਨ ਲੋਕਾਂ ਵਲੋਂ ਹੰਢਾਇਆ ਸੰਤਾਪ ਅੱਜ ਵੀ ਚੇਤਿਆਂ ਨੂੰ ਮੱਲੀ ਬੈਠਾ ਹੈ। ਬੇਸ਼ਕ ਹਾਜ਼ਰ ਸਰੋਤਿਆਂ ਨੇ ਇਹ ਸੰਤਾਪ ਹੱਢੀਂ ਨਹੀਂ ਹੰਢਾਇਆ ਪ੍ਰੰਤੂ ਆਪਣੇ ਵਡੇਰਿਆਂ ਤੋਂ ਸੁਣੇ ਦੁਖਾਂਤ ਦੀਆਂ ਚੀਸਾਂ ਸਾਡੇ ਅੰਦਰ ਹਨ। ਗੁਰਚਰਨ ਥਿੰਦ, ਸੰਦੀਪ ਰੂਹਵ, ਸਰਬਜੀਤ ਜਵੰਦਾ, ਹਰਜਿੰਦਰਕੌਰ ਤੇ ਗੁਰਮੀਤ ਤੰਬੜ ਨੇ ਇਸ ਦੁਖਾਂਤ ਦੀਆਂ ਕੁੱਝ ਯਾਦਾਂ ਸਾਂਝੀਆਂ ਕੀਤੀਆਂ।
ਸਭਾ ਦੇ ਉਪ-ਪ੍ਰਧਾਨ ਸੁਰਿੰਦਰ ਸਿੰਘ ਢਿਲੋਂ ਜੀ ਨੇ ਸਰਦੂਲ ਸਿੰਘ ਲੱਖਾ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਦੀ ਗਦਰੀ ਬਾਬਿਆਂ ਬਾਰੇ ਲਿਖੀ ਰਚਨਾ ‘ਗਲੀਂ ਗਾਤਰੇ ਤੇੜਕ ਛਿਹਰੇ, ਕਰ ਅਰਦਾਸਾਂ ਨਿਕਲ ਤੁਰੇਸਨ’ ਸੁਣਾਈ। ਉਪਰੰਤ ਉਨ੍ਹਾਂ ਭਾਰਤ ਦੀ ਅਜ਼ਾਦੀ ਬਾਰੇ ਕਿਹਾ ਕਿ ਇਹ ਸਿਰਫ਼ ਪਾਵਰ ਟ੍ਰਾਂਸਫਰ ਸੀ। ਅਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਵਾਲੇ ਅਜ਼ਾਦ ਦੇਸ਼ ਦੀ ਸਿਰਜਨਾ ਨਹੀਂ ਹੋਈ। ਅਜੇ ਵੀ ਲੋਕ ਜ਼ਿਹਨੀ ਗੁਲਾਮੀ ਤੋਂ ਪੀੜਤ ਹਨ।

ਸਰਬਜੀਤ ਜਵੰਦਾ ਦੇ ਕਹਿਣ ਅਨੁਸਾਰ ਭਾਰਤ ਦੀ ਅਜ਼ਾਦੀ ਦੀ ਵਿਡੰਬਨਾ ਇਹ ਹੈ ਕਿ ਇਹ ਇਤਿਹਾਸ ਦਾ ਉਹ ਪੜਾਅ ਹੈ ਜਿੱਥੇ ਕੁੱਝ ਲੋਕ ਜਸ਼ਨ ਮਨਾਉਂਦੇ ਹਨ ਅਤੇ ਕੁੱਝ ਰੁਦਨ ਕਰਦੇ ਹਨ। ਸਭ ਤੋਂ ਵੱਡੀ ਤ੍ਰਾਸਦੀ ਹੈ ਕਿ ਸਾਡੇ ਨੇਤਾ ਕੁਰਸੀ ਦੇ ਗੁਲਾਮ ਹੋ ਗਏ ਹਨ। ਹਰਜਿੰਦਰ ਕੌਰ ਨੇ ਕਿਹਾ ਕਿ ਗਦਰੀ ਬਾਬਿਆਂ ਨੇ ਰਸਤੇ ਬਣਾਏ, ਦੇਸ਼ ਭਗਤਾਂ ਨੇ ਪੱਕੇ ਕੀਤੇ ਪਰ ਅਸੀਂ ਭਟਕ ਗਏ ਹਾਂ। ਸਾਨੂੰ ਸੰਤੁਲਿਤ ਜੀਵਨ ਜਿਉਣ ਅਤੇ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਲੋੜ ਹੈ।
ਸੁਖਮੰਦਰ ਸਿੰਘ ਗਿੱਲ ਨੇ ਆਪਣੀ ਨਵੀਂ ਛਪੀ ਗੀਤਾਂ ਦੀ ਕਿਤਾਬ ‘ਖ਼ਾਕ ਤੋਂ ਖ਼ਾਕ ਤੱਕ’ ਵਿਚੋਂ ‘ਸਿਰ ਧਰ ਤਲੀ ਪ੍ਰੇਮ ਦੀ ਗਲੀ ਲੰਘੀ ਦਾ’ ਗਦਰੀ ਬਾਬਿਆਂ ਦਾ ਸੰਘਰਸ਼ ਦਰਸਾਉਂਦਾ ਗੀਤ ਸਾਜ਼ ਨਾਲ ਸੁਰ ਵਿੱਚ ਗਾਇਆ। ਗੁਰਨਾਮ ਕੌਰ ਨੇ ‘ਯਾਦ ਤੇਰੀ ਮਾਂ ਧਰਤੀ ਏ ਸਾਨੂੰ ਬਹੁਤ ਸਤਾਏ’ ਕਵਿਤਾ ਸੁਣਾਈ ਅਤੇ ਗੁਰਚਰਨ ਸਿੰਘ ਹੇਹਰ ਨੇ ‘ਗਿੱਲੀਆਂ ਨੇ ਧੁੱਪਾਂ ਤੇ ਸੁੱਕੀਆਂ ਨੇ ਛਾਵਾਂ, ਵੇਦਨਾ ਇੱਥੇ ਦੱਸ ਕੀਹਦੀ ਝੋਲੀ ਪਾਵਾਂ’ ਗੀਤ ਬੁਲੰਦ ਅਵਾਜ਼ ਵਿੱਚ ਪੇਸ਼ ਕੀਤਾ। ਸੰਦੀਪ ਰੂਹਵ ਨੇ ਆਪਣੀ ਰਚਨਾ, ‘ਉਹ ਮਕਾਨ ਬਹੁਤਾ ਚਿਰ ਨਹੀਂ ਚਲਦਾ, ਪੈਰ ਛੱਡ ਜਾਂਦੀਆਂ ਜਿਸਦੀਆਂ ਨੀਹਾਂ’ ਸਾਂਝੀ ਕੀਤੀ। ਮਨਮੋਹਨ ਬਾਠ ਨੇ ਹਿੰਦੀ ਗੀਤ ਅਤੇ ਰਵੀ ਜਨਾਗਲ ਨੇ ਸੁਰਜੀਤ ਪਾਤਰ ਦਾ ਗੀਤ, ‘ਜੇ ਆਈ ਪੱਤਝੜ ਤਾਂ ਫੇਰ ਕੀ ਏ, ਤੂੰ ਆਉਂਦੀ ਰੁੱਤ ’ਚ ਯਕੀਨ ਰੱਖੀਂ’ ਤਰੰਨਮ ਵਿੱਚ ਸੁਣਾਇਆ। ਜਸਵੰਤ ਸਿੰਘ ਸੇਖੋਂ ਜੀ ਨੇ ਭਾਈ ਘਨੱਈਆ ਜੀ ਦੀ ਸੇਵਾ ਭਾਵਨਾ ਦਰਸਾਉਂਦੀ ਕਵੀਸ਼ਰੀ ਨਾਲ ਖੁਬ ਰੰਗ ਬੰਨਿ੍ਹਆ। ਅਮਨਪ੍ਰੀਤ ਨੇ ‘ਜਿਹਦੇ ਵਿੱਚ ਕਣ ਹੀ ਨਹੀਂ ਕਾਹਦੇ ਕਿਰਦਾਰ ਨੇ’, ਪਰੀਤ ਸਾਗਰਨੇ ‘ਚਮਕਣ ਤਾਰੇ ਟਿਕ ਗਏ ਸਾਰੇ, ਫਿਰ ਵੀ ਜਾਗਾਂ ਰਾਤ ਬਰਾਤੇ’ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
ਡਾ: ਸੁਖਵਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਇੱਕ ਏਜੰਸੀ ਦੁਆਰਾ ਦੁਨੀਆਂ ਭਰ ਦੀਆਂ ੪੭੦੭ ਖੇਤੀ-ਬਾੜੀ ਯੂਨੀਵਰਸਿਟੀਆਂ ਦਾ ਮੁਲਾਂਕਣ ਕੀਤਾ ਗਿਆ ਹੈ। ਪਹਿਲੇ ੧੦੦ ਸਥਾਨਾਂ ਵਿਚੋਂ ਭਾਰਤ ਦੀਆਂ ਕੇਵਲ ਦੋ ਖੇਤੀ-ਬਾੜੀ ਸੰਸਥਾਵਾਂ ਨੂੰ ਸਥਾਨ ਪ੍ਰਾਪਤ ਹੋਇਆ ਹੈ। ਦਿੱਲੀ ਵਿੱਖੇ ਸਥਿੱਤ ੀਅ੍ਰੀ (ਪੂਸਾ ਇੰਸਟੀਚਿਊਟ) ੪੩ਵੇਂ ਅਤੇ ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ, ਲੁਧਿਆਣਾ ੯੩ਵੇਂ ਸਥਾਨ ਤੇ ਹਨ।ਅੰਤ ਵਿੱਚ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਭ ਹਾਜ਼ਰੀਨ ਦਾ ਉਨ੍ਹਾਂ ਦੀ ਵੱਡਮੁੱਲੀ ਹਾਜ਼ਰੀ ਲਈ ਧੰਨਵਾਦ ਕੀਤਾ ਅਤੇ ਮੀਟਿੰਗ ਦੀ ਸਮਾਪਤੀ ਕਰ ਦਿੱਤੀ।