ਰੈਫਰੈਂਡਮ ਇਸ਼ਤਿਹਾਰਬਾਜ਼ੀ ਸਬੰਧੀ ਨਵੀਆਂ ਹਦਾਇਤਾਂ ਜਾਰੀ, ਗਲਤਫਹਿਮੀਆਂ ਦੂਰ ਕਰਨ ਲਈ ਬੁਲੇਟਿਨ ਜਾਰੀ

ਰੈਫਰੈਂਡਮ ਇਸ਼ਤਿਹਾਰਬਾਜ਼ੀ ਸਬੰਧੀ ਨਵੀਆਂ ਹਦਾਇਤਾਂ ਜਾਰੀ, ਗਲਤਫਹਿਮੀਆਂ ਦੂਰ ਕਰਨ ਲਈ ਬੁਲੇਟਿਨ ਜਾਰੀ

ਐਡਮੰਟਨ-ਅਲਬਰਟਾ ਦੇ ਮੁੱਖ ਚੋਣ ਅਧਿਕਾਰੀ ਗੋਰਡਨ ਮੈਕਕਲੂਰ ਨੇ ਰੈਫਰੈਂਡਮ ਇਸ਼ਤਿਹਾਰਬਾਜ਼ੀ ਸਬੰਧੀ ਨਵਾਂ ਇੰਟਰਪ੍ਰੀਟੇਸ਼ਨ ਬੁਲੇਟਿਨ ਨੰਬਰ-9 ਜਾਰੀ ਕੀਤਾ ਹੈ। ਇਸ ਦਾ ਮਕਸਦ ਇਹ ਸਪੱਸ਼ਟ ਕਰਨਾ ਹੈ ਕਿ ਕਿਹੜੀ ਇਸ਼ਤਿਹਾਰਬਾਜ਼ੀ ਨੂੰ ਕਾਨੂੰਨ ਅਧੀਨ ਰੈਫਰੈਂਡਮ ਇਸ਼ਤਿਹਾਰਬਾਜ਼ੀ ਮੰਨਿਆ ਜਾਵੇਗਾ ਅਤੇ ਕਦੋਂ ਕਿਸੇ ਤੀਜੀ ਧਿਰ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ।

ਗੋਰਡਨ ਮੈਕਕਲੂਰ ਨੇ ਕਿਹਾ ਕਿ ਰੈਫਰੈਂਡਮ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਕਾਫ਼ੀ ਗਲਤਫਹਿਮੀਆਂ ਅਤੇ ਭਰਮ ਫੈਲਿਆ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੇ ਦਫ਼ਤਰ ਨੂੰ ਕਈ ਸਵਾਲ ਅਤੇ ਸ਼ਿਕਾਇਤਾਂ ਮਿਲੀਆਂ। ਨਵਾਂ ਬੁਲੇਟਿਨ ਰਾਜਨੀਤਿਕ ਧਿਰਾਂ ਅਤੇ ਵੋਟਰਾਂ ਨੂੰ ਕਾਨੂੰਨ ਨੂੰ ਸਹੀ ਢੰਗ ਨਾਲ ਸਮਝਣ ਅਤੇ ਉਸ ਦੀ ਪਾਲਣਾ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਚੋਣ ਕਾਨੂੰਨਾਂ ਨੂੰ ਨਿਰਪੱਖ ਅਤੇ ਬਰਾਬਰੀ ਨਾਲ ਲਾਗੂ ਕਰਨਾ ਦਫ਼ਤਰ ਦੀ ਮੁੱਖ ਜ਼ਿੰਮੇਵਾਰੀ ਹੈ।

ਬੁਲੇਟਿਨ ਅਨੁਸਾਰ, ਰੈਫਰੈਂਡਮ ਇਸ਼ਤਿਹਾਰਬਾਜ਼ੀ ਉਹ ਸੁਨੇਹਾ ਹੈ ਜੋ ਰੈਫਰੈਂਡਮ ਪ੍ਰਚਾਰ ਅਵਧੀ ਦੌਰਾਨ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਜਿਸ ਦਾ ਉਦੇਸ਼ ਕਿਸੇ ਖ਼ਾਸ ਰੈਫਰੈਂਡਮ ਸਵਾਲ ਦੇ ਹੱਕ ਜਾਂ ਵਿਰੋਧ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਹੋਵੇ। ਸਿਰਫ਼ ਕਿਸੇ ਆਮ ਮੁੱਦੇ ਬਾਰੇ ਦਿੱਤਾ ਗਿਆ ਸੁਨੇਹਾ ਰੈਫਰੈਂਡਮ ਇਸ਼ਤਿਹਾਰਬਾਜ਼ੀ ਨਹੀਂ ਮੰਨਿਆ ਜਾਵੇਗਾ, ਜਦੋਂ ਤੱਕ ਉਹ ਸਿੱਧੇ ਤੌਰ 'ਤੇ ਵੋਟਰਾਂ ਨੂੰ ਕਿਸੇ ਖ਼ਾਸ ਵਿਕਲਪ ਦੇ ਹੱਕ ਜਾਂ ਵਿਰੋਧ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਨਾ ਕਰੇ।

ਬੁਲੇਟਿਨ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਵਾਲ ਨੰਬਰ 10 ਨਾਲ ਸਬੰਧਤ ਰੈਫਰੈਂਡਮ ਇਸ਼ਤਿਹਾਰਬਾਜ਼ੀ ਉਹੀ ਮੰਨੀ ਜਾਵੇਗੀ ਜੋ ਵੋਟਰਾਂ ਨੂੰ ਦੋ ਵਿਕਲਪਾਂ ਵਿੱਚੋਂ ਕਿਸੇ ਇੱਕ ਦੇ ਹੱਕ ਜਾਂ ਵਿਰੋਧ ਵਿੱਚ ਵੋਟ ਪਾਉਣ ਲਈ ਉਤਸ਼ਾਹਿਤ ਕਰੇ।

ਚੋਣ ਅਧਿਕਾਰੀ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਸਿਰਫ਼ ਕੈਨੇਡਾ ਜਾਂ ਅਲਬਰਟਾ ਦਾ ਝੰਡਾ ਪ੍ਰਦਰਸ਼ਿਤ ਕਰਨਾ ਜਾਂ "ਸੈਲੀਬ੍ਰੇਟ ਅਲਬਰਟਾ", "ਓਟਾਵਾ ਨੂੰ ਸੁਨੇਹਾ ਭੇਜੋ" ਜਾਂ "ਸੈਲੀਬ੍ਰੇਟ ਕੈਨੇਡਾ" ਵਰਗੇ ਆਮ ਨਾਅਰੇ ਆਪਣੇ ਆਪ ਵਿੱਚ ਰੈਫਰੈਂਡਮ ਇਸ਼ਤਿਹਾਰਬਾਜ਼ੀ ਨਹੀਂ ਹਨ, ਕਿਉਂਕਿ ਇਹ ਕਿਸੇ ਖ਼ਾਸ ਰੈਫਰੈਂਡਮ ਸਵਾਲ ਜਾਂ ਵਿਕਲਪ ਦਾ ਸਿੱਧਾ ਸਮਰਥਨ ਜਾਂ ਵਿਰੋਧ ਨਹੀਂ ਕਰਦੇ। ਬੁਲੇਟਿਨ ਵਿੱਚ ਰੈਫਰੈਂਡਮ ਇਸ਼ਤਿਹਾਰਬਾਜ਼ੀ ਨਾਲ ਸਬੰਧਤ ਹੋਰ ਉਦਾਹਰਨਾਂ ਅਤੇ ਛੋਟਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।