ਕਿਊਬੈਕ ਦੀਆਂ ਮਸਜਿਦਾਂ ’ਚ ਵਧੀ ਚੌਕਸੀ, ਭੰਨ-ਤੋੜ ਤੇ ਮੁਸਲਿਮ ਵਿਰੋਧੀ ਨਫ਼ਰਤ ਨੇ ਵਧਾਈ ਚਿੰਤਾ

ਕਿਊਬੈਕ ਦੀਆਂ ਮਸਜਿਦਾਂ ’ਚ ਵਧੀ ਚੌਕਸੀ, ਭੰਨ-ਤੋੜ ਤੇ ਮੁਸਲਿਮ ਵਿਰੋਧੀ ਨਫ਼ਰਤ ਨੇ ਵਧਾਈ ਚਿੰਤਾ

ਕਿਊਬੈਕ-ਕਿਊਬੈਕ ਵਿੱਚ ਮਸਜਿਦਾਂ ਅਤੇ ਮੁਸਲਿਮ ਭਾਈਚਾਰੇ ਨਾਲ ਜੁੜੇ ਸੱਭਿਆਚਾਰਕ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਭੰਨ-ਤੋੜ ਦੀਆਂ ਘਟਨਾਵਾਂ ਅਤੇ ਮੁਸਲਿਮ ਵਿਰੋਧੀ ਬਿਆਨਬਾਜ਼ੀ ਵਧਣ ਦੇ ਮੱਦੇਨਜ਼ਰ ਮਸਜਿਦਾਂ ਵੱਲੋਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਭਾਈਚਾਰੇ ਦੇ ਆਗੂਆਂ ਨੇ ਲੋਕਾਂ ਨੂੰ ਵਧੇਰੇ ਚੌਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਦੇਣ ਦੀ ਅਪੀਲ ਕੀਤੀ ਹੈ।

ਕਿਊਬੈਕ ਸਿਟੀ ਦੇ ਇਸਲਾਮਿਕ ਕਲਚਰਲ ਸੈਂਟਰ ਦੇ ਬੁਲਾਰੇ ਬੌਫ਼ੈਲਜਾ ਬੇਨਅਬਦੱਲਾ ਨੇ ਕਿਹਾ ਕਿ ਪਿਛਲੇ ਡੇਢ ਸਾਲ ਦੌਰਾਨ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਮਹਿਸੂਸ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਇਸ ਕਾਰਨ ਮੁਸਲਿਮ ਭਾਈਚਾਰੇ ਵਿੱਚ ਚਿੰਤਾ ਅਤੇ ਘਬਰਾਹਟ ਦਾ ਮਾਹੌਲ ਹੈ ਅਤੇ ਇਸ ਸਮੇਂ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਕਿਊਬੈਕ ਸਿਟੀ ਦੀ ਮਸਜਿਦ ਵੱਲੋਂ ਪਹਿਲੀ ਵਾਰ ਪਿਛਲੇ ਹਫ਼ਤੇ ਭਾਈਚਾਰੇ ਲਈ ਜਨਤਕ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਗਈ। ਲੋਕਾਂ ਨੂੰ ਮਸਜਿਦ ਵਿੱਚ ਆਉਂਦੇ ਸਮੇਂ ਵਧੇਰੇ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਜਾਂ ਅਸਧਾਰਨ ਗਤੀਵਿਧੀ ਬਾਰੇ ਤੁਰੰਤ ਸਟਾਫ਼ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ।

ਜੂਨ ਮਹੀਨੇ ਵਿੱਚ ਟਰੌਆ-ਰੀਵੀਏ ਵਿੱਚ ਸਥਿਤ ਮੌਰੀਸੀ ਇਸਲਾਮਿਕ ਕਲਚਰਲ ਸੈਂਟਰ ਦੀਆਂ ਖਿੜਕੀਆਂ ਤੋੜ ਦਿੱਤੀਆਂ ਗਈਆਂ ਸਨ। ਇਹ ਘਟਨਾ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਔਨਲਾਈਨ ਧਮਕੀਆਂ ਅਤੇ ਕਥਿਤ ਉਤਪੀੜਨ ਦੀਆਂ ਘਟਨਾਵਾਂ ਵਿੱਚ ਵਾਧੇ ਤੋਂ ਬਾਅਦ ਸਾਹਮਣੇ ਆਈ।ਇਸ ਤੋਂ ਕਰੀਬ ਇੱਕ ਮਹੀਨੇ ਬਾਅਦ ਮੌਂਟਰੀਅਲ ਪੁਲਿਸ ਨੇ ਵਰਡਨ ਇਸਲਾਮਿਕ ਸੈਂਟਰ ਦੇ ਬਾਹਰ ਵਾਪਰੀ ਇੱਕ ਘਟਨਾ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਸ਼ੁਰੂ ਕੀਤੀ। ਇੱਥੇ ਦਰਵਾਜ਼ੇ ਕੋਲ ਕੱਟੇ ਹੋਏ ਅਤੇ ਖੂਨ ਨਾਲ ਲਥਪਥ ਮਨੁੱਖੀ ਹੱਥ ਵਰਗੀ ਇੱਕ ਨਕਲੀ ਵਸਤੂ ਰੱਖੀ ਗਈ ਸੀ।

ਇਸੇ ਸਮੇਂ ਦੇ ਆਸ-ਪਾਸ ਕਿਊਬੈਕ ਸੂਬਾਈ ਪੁਲਿਸ ਨੇ ਡੋਨਾਕੋਨਾ ਦੇ ਸੈਂਟਰ ਕਲਚਰਲ ਅਲ-ਰਹਮਾ ਵਿੱਚ ਭੰਨ-ਤੋੜ ਦੇ ਮਾਮਲੇ ਵਿੱਚ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਕੇਂਦਰ ਨਮਾਜ਼ ਲਈ ਵਰਤੇ ਜਾਂਦੇ ਕਮਰੇ ਨਾਲ ਵੀ ਜੁੜਿਆ ਹੋਇਆ ਹੈ। ਬੇਨਅਬਦੱਲਾ ਨੇ ਕਿਹਾ ਕਿ ਮਸਜਿਦ ਵੱਲੋਂ ਜਾਰੀ ਕੀਤੀਆਂ ਸੁਰੱਖਿਆ ਹਦਾਇਤਾਂ ਦਾ ਮਕਸਦ ਲੋਕਾਂ ਵਿੱਚ ਡਰ ਪੈਦਾ ਕਰਨਾ ਨਹੀਂ, ਸਗੋਂ ਉਨ੍ਹਾਂ ਨੂੰ ਕਿਸੇ ਵੀ ਅਣਸੁਖਾਵੀਂ ਸਥਿਤੀ ਲਈ ਤਿਆਰ ਰੱਖਣਾ ਹੈ।ਕੈਨੇਡੀਅਨ ਐਂਟੀ-ਹੇਟ ਨੈੱਟਵਰਕ ਦੇ ਕਾਰਜਕਾਰੀ ਨਿਰਦੇਸ਼ਕ ਇਵੈਨ ਬਾਲਗੋਰਡ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਧਾਰਮਿਕ ਭਾਈਚਾਰਿਆਂ ਵਿਰੁੱਧ ਨਫ਼ਰਤ ਦੀ ਸਮੱਸਿਆ ਹੋਰ ਗੰਭੀਰ ਹੋਈ ਹੈ। ਉਨ੍ਹਾਂ ਮੁਤਾਬਕ ਕਿਊਬੈਕ ਦੇ ਮੁਸਲਿਮ ਭਾਈਚਾਰੇ ਵੱਲੋਂ ਵਧਦੀ ਨਫ਼ਰਤ ਬਾਰੇ ਚਿੰਤਾ ਜਤਾਉਣਾ ਹੈਰਾਨੀਜਨਕ ਨਹੀਂ ਹੈ।ਡੋਨਾਕੋਨਾ ਇਸਲਾਮਿਕ ਕਲਚਰਲ ਸੈਂਟਰ ਦੇ ਮੈਂਬਰ ਅਤੇ ਖ਼ਜ਼ਾਨਚੀ ਅਬਦੱਲਾਹੇਬ ਬੇਨ ਅਬਦੱਲਾ ਨੇ ਵੀ ਔਨਲਾਈਨ ਇਸਲਾਮ ਵਿਰੋਧੀ ਬਿਆਨਬਾਜ਼ੀ ਵਿੱਚ ਵਾਧਾ ਮਹਿਸੂਸ ਕਰਨ ਦੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਕੇਂਦਰ ਦੀ ਸਥਾਪਨਾ ਤੋਂ ਹੀ ਭਾਈਚਾਰੇ ਨੇ ਆਪਣੇ ਗੁਆਂਢੀਆਂ ਨਾਲ ਚੰਗੇ ਸਬੰਧ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਤੱਕ ਸਥਾਨਕ ਪੱਧਰ ’ਤੇ ਰਿਸ਼ਤੇ ਸੁਖਾਵੇਂ ਰਹੇ ਹਨ।