ਐਡਮਿੰਟਨ ਦੱਖਣ-ਪੂਰਬ ਵਿੱਚ ਕੰਜ਼ਰਵੇਟਿਵ ਉਮੀਦਵਾਰ ਨੇ ਅਮਰਜੀਤ ਸੋਹੀ ਨੂੰ ਹਰਾਇਆ
ਐਡਮਿੰਟਨ-ਕੈਨੇਡਾ ਦੀਆਂ ਸੰਘੀ ਚੋਣਾਂ ਵਿੱਚ ਐਡਮਿੰਟਨ ਦੱਖਣ-ਪੂਰਬ ਸੀਟ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਅਮਰਜੀਤ ਸੋਹੀ ਹਾਰ ਗਏ ਅਤੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜਗਸ਼ਰਨ ਸੰਘ ਚਾਹਲ ਨੇ ਜਿੱਤ ਹਾਸਲ ਕੀਤੀ। ਜਾਣਕਾਰੀ ਮੁਤਾਬਕ 159 ਵਿੱਚੋਂ 137 ਪੋਲਾਂ ਦੀ ਰਿਪੋਰਟ ਦੇ ਨਾਲ ਅਮਰਜੀਤ ਸੋਹੀ ਮਹਿਜ਼ 38 ਪ੍ਰਤੀਸ਼ਤ ਵੋਟਾਂ ਹੀ ਹਾਸਲ ਕਰ ਸਕੇ ਜਦੋਂ ਕਿ ਜਗਸ਼ਰਨ ਸਿੰਘ ਮਾਹਲ ਨੇ 54 ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ। ਇਸ ਮੌਕੇ ਅਮਰਜੀਤ ਸੋਹੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਹ ਨਤੀਜਾ ਨਹੀਂ ਹੈ ਜਿਸਦੀ ਅਸੀਂ ਉਮੀਦ ਕੀਤੀ ਸੀ, ਪਰ ਇਹ ਉਹ ਨਤੀਜਾ ਹੈ ਜਿਸਨੂੰ ਅਸੀਂ ਸਵੀਕਾਰ ਕਰਦੇ ਹਾਂ।“ਕਿਉਂਕਿ ਲੋਕ ਫੈਸਲੇ ਲੈਂਦੇ ਹਨ, ਲੋਕ ਤੁਹਾਨੂੰ ਚੁਣਦੇ ਹਨ ਅਤੇ ਕਈ ਵਾਰ ਉਹ ਤੁਹਾਨੂੰ ਨਹੀਂ ਚੁਣਦੇ। ਇਹੀ ਲੋਕਤੰਤਰ ਹੈ। ਉਹਨਾਂ ਕਿਹਾ ਕਿ ਮੈਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਮੈਂ ਹੋਰ ਬਿਹਤਰ ਕਰਾਂ।”ਇਸ ਮੌਕੇ ਉਹਨਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਕੈਨੇਡੀਅਨਾਂ ਨੇ ਮਾਰਕ ਕਾਰਨੀ ਨੂੰ ਸਾਡਾ ਪ੍ਰਧਾਨ ਮੰਤਰੀ ਚੁਣਿਆ ਹੈ ਅਤੇ ਉਹ ਬਹੁਤ ਹੀ ਅਰਥਪੂਰਨ ਤਰੀਕੇ ਨਾਲ ਅਗਵਾਈ ਕਰਨ ਦੇ ਯੋਗ ਹੋਣਗੇ। ਦੱਸ ਦਈਏ ਕਿ ਸੋਹੀ ਚੋਣ ਮੁਹਿੰਮ ਦੌਰਾਨ ਮੇਅਰ ਵਜੋਂ ਆਪਣੀਆਂ ਡਿਊਟੀਆਂ ਤੋਂ ਬਿਨਾਂ ਤਨਖਾਹ ਛੁੱਟੀ ’ਤੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੋਣ ਲੜਨ ਦੇ ਆਪਣੇ ਫੈਸਲੇ ’ਤੇ ਕੋਈ ਪਛਤਾਵਾ ਨਹੀਂ ਹੈ।
















