ਪ੍ਰਧਾਨ ਮੰਤਰੀ ਕਾਰਨੀ ਨੇ ਸਾਧਿਆ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਨਿਸ਼ਾਨਾ
after-winning-election-mark-carney-targeted-trump
ਟੋਰਾਂਟੋ-ਕੈਨੇਡਾ ਦੀਆਂ ਸੰਘੀ ਚੋਣਾਂ ਦੇ ਹੁਣ ਤੱਕ ਦੇ ਨਤੀਜਿਆਂ ਮੁਤਾਬਕ ਲਿਬਰਲ ਪਾਰਟੀ ਦੀ ਜਿੱਤ ਯਕੀਨੀ ਜਾਪਦੀ ਹੈ ਜਿਸ ਤਹਿਤ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਸੱਤਾ ਵਿੱਚ ਰਹੇਗੀ। ਜਾਣਕਾਰੀ ਮੁਤਾਬਕ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਨੇ ਕੈਨੇਡਾ ਦੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਕਾਰਨੀ ਨੇ ਸਮਰਥਕਾਂ ਨੂੰ ਕਿਹਾ ਕਿ ਨਿਮਰਤਾ ਦਾ ਅਰਥ ਹੈ ਸਰਕਾਰ ਵਿੱਚ ਸਾਰੀਆਂ ਪਾਰਟੀਆਂ ਨਾਲ ਕੰਮ ਕਰਨਾ, ਵੱਖ-ਵੱਖ ਸੂਬਿਆਂ ਅਤੇ ਆਦਿਵਾਸੀ ਲੋਕਾਂ ਨਾਲ ਕੰਮ ਕਰਨਾ। ਕਾਰਨੀ ਨੇ ਕਿਹਾ ਕਿ ਉਹ ਮਹੀਨਿਆਂ ਤੋਂ ਚੇਤਾਵਨੀ ਦੇ ਰਹੇ ਸਨ ਕਿ ਅਮਰੀਕਾ ਸਾਡੀ ਜ਼ਮੀਨ, ਸਾਡੇ ਸਰੋਤ, ਸਾਡਾ ਦੇਸ਼ ਚਾਹੁੰਦਾ ਹੈ”। ਜਿਵੇਂ ਹੀ ਕਾਰਨੀ ਨੇ ਇਹ ਕਿਹਾ ਤਾਂ ਭੀੜ ਨੇ “ਕਦੇ ਨਹੀਂ” ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਕਾਰਨੀ ਨੇ ਫਿਰ ਕਿਹਾ ਕਿ“ਰਾਸ਼ਟਰਪਤੀ ਟਰੰਪ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਅਮਰੀਕਾ ਸਾਡੇ ’ਤੇ ਕਬਜ਼ਾ ਕਰ ਸਕੇ, ਪਰ ਇਹ ਕਦੇ ਨਹੀਂ ਹੋਵੇਗਾ।”
ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਿਰੋਧੀਆਂ ਨੂੰ ਵੀ ਵਧਾਈ ਦਿੱਤੀ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ) ਦੇ ਨੇਤਾ ਜਗਮੀਤ ਸਿੰਘ ਨੂੰ ਉਨ੍ਹਾਂ ਦੇ ਯੋਗਦਾਨ ਲਈ ਵਿਸ਼ੇਸ਼ ਵਧਾਈਆਂ ਦਿੱਤੀਆਂ। ਕਾਰਨੀ ਨੇ ਕੰਜ਼ਰਵੇਟਿਵ ਨੇਤਾ ਪੀਅਰੇ ਪੋਇਲੀਵਰੇ ਦਾ ਦੇਸ਼ ਪ੍ਰਤੀ ਵਚਨਬੱਧਤਾ ਲਈ ਧੰਨਵਾਦ ਕੀਤਾ ਜਿਸਨੂੰ ਉਹ “ਦੋਵੇਂ ਪਿਆਰ ਕਰਦੇ ਹਨ”। ਉਨ੍ਹਾਂ ਨੇ ਜਗਮੀਤ ਸਿੰਘ ਦੀ “ਪ੍ਰਗਤੀਸ਼ੀਲ ਕਦਰਾਂ-ਕੀਮਤਾਂ ’ਤੇ ਅੱਗੇ ਵਧਣ” ਲਈ ਪ੍ਰਸ਼ੰਸਾ ਕੀਤੀ। ਜ਼ਿਕਰਯੋਗ ਹੈ ਕਿ ਐਨ.ਡੀ.ਪੀ ਨੇਤਾ ਜਗਮੀਤ ਸਿੰਘ ਨੇ ਚੋਣ ਹਾਰ ਤੋਂ ਬਾਅਦ ਪਾਰਟੀ ਲੀਡਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇਸ ਕੈਨੇਡੀਅਨ ਚੋਣ ਵਿੱਚ ਮੁੱਖ ਮੁਕਾਬਲਾ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਹੈ। ਇਨ੍ਹਾਂ ਦੋ ਮੁੱਖ ਪਾਰਟੀਆਂ ਤੋਂ ਇਲਾਵਾ ਬਲਾਕ ਕਿਊਬੇਕੋਇਸ, ਐੱਨ.ਡੀ.ਪੀ (ਨਿਊ ਡੈਮੋਕ੍ਰੇਟ ਪਾਰਟੀ) ਅਤੇ ਗ੍ਰੀਨ ਪਾਰਟੀ ਵੀ ਚੋਣਾਂ ਲੜ ਰਹੀਆਂ ਹਨ। ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਵਿੱਚ 343 ਸੀਟਾਂ ਹਨ। ਲਿਬਰਲ ਪਾਰਟੀ 167 ਸੀਟਾਂ ’ਤੇ ਅੱਗੇ ਚੱਲ ਰਹੀ ਹੈ ਅਤੇ ਕੰਜ਼ਰਵੇਟਿਵ 145 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।
















