ਆਪ’ ਸਰਕਾਰ ਪੰਜਾਬ ਦੀਆਂ ਸਰਹੱਦਾਂ ’ਤੇ ਲਗਾਵੇਗੀ ਐਂਟੀ-ਡਰੋਨ ਸਿਸਟਮ
ਚੰਡੀਗੜ੍ਹ-ਪੰਜਾਬ ਦੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਅਤੇ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨਸ਼ਿਆਂ ਦੀ ਆਮਦ ਨੂੰ ਰੋਕਣ ਲਈ ਪੰਜਾਬ ਦੀਆਂ ਸਰਹੱਦਾਂ ’ਤੇ ਆਪਣਾ ਐਂਟੀ-ਡਰੋਨ ਸਿਸਟਮ ਲਗਾ ਰਹੀ ਹੈ। ਜਾਣਕਾਰੀ ਮੁਤਾਬਕ 19 ਜੂਨ ਨੂੰ ਹੋਣ ਵਾਲੀਆਂ ਲੁਧਿਆਣਾ ਪੱਛਮੀ ਉਪ-ਚੋਣਾਂ ਤੋਂ ਪਹਿਲਾਂ ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਨਸ਼ਿਆਂ ’ਤੇ ’ਆਪ’ ’ਤੇ ਸਵਾਲ ਉਠਾਉਣ ਦੀ ਬਜਾਏ, ਭਾਜਪਾ ਨੂੰ ਪਹਿਲਾਂ ਜਵਾਬ ਦੇਣਾ ਚਾਹੀਦਾ ਹੈ ਕਿ 2014 ਤੋਂ ਕੇਂਦਰ ਵਿੱਚ ਰਾਜ ਕਰਨ ਦੇ ਬਾਵਜੂਦ ਇਸ ਨੇ ਪੰਜਾਬ ਵਿੱਚ ਨਸ਼ਿਆਂ ਦੀ ਆਮਦ ਨੂੰ ਰੋਕਣ ਲਈ ਕੀ ਕੀਤਾ ਹੈ। ਧਾਲੀਵਾਲ ਨੇ ਕਿਹਾ ਕਿ ਵਾਰ-ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਪਾਕਿਸਤਾਨ ਤੋਂ ਨਸ਼ਿਆਂ ਦੀ ਆਮਦ ਨੂੰ ਰੋਕਣ ਲਈ ਪੰਜਾਬ ਦੀਆਂ ਸਰਹੱਦਾਂ ’ਤੇ ਐਂਟੀ-ਡਰੋਨ ਸਿਸਟਮ ਲਗਾਉਣ ਦੀ ਬੇਨਤੀ ਕੀਤੀ ਪਰ “ਭਾਜਪਾ ਨੇ ਅਜਿਹਾ ਨਹੀਂ ਕੀਤਾ”। ਅੰਤ ਵਿੱਚ, ’ਆਪ’ ਸਰਕਾਰ ਨੇ ਪਾਕਿਸਤਾਨ ਤੋਂ ਨਸ਼ਿਆਂ ਦੀ ਆਮਦ ਨੂੰ ਰੋਕਣ ਲਈ ਐਂਟੀ-ਡਰੋਨ ਸਿਸਟਮ ਲਗਾਉਣ ਲਈ 52 ਕਰੋੜ ਰੁਪਏ ਦਾ ਆਪਣਾ ਬਜਟ ਪਾਸ ਕੀਤਾ। ਜ਼ਿਕਰਯੋਗ ਹੈ ਭਾਜਪਾ ਆਗੂ ਸਰੀਨ ਨੇ ਬੀਤੇ ਦਿਨੀਂ ਕਿਹਾ ਕਿ ਪੰਜਾਬ ਵਿੱਚੋਂ ਨਸ਼ੇ ਖਤਮ ਨਹੀਂ ਕੀਤੇ ਜਾ ਰਹੇ ਹਨ ਕਿਉਂਕਿ ਆਪ ਆਗੂ ਸਪਲਾਇਰਾਂ ਨਾਲ ਮਿਲੇ ਹੋਏ ਹਨ”। ਜਿਸ ਤੋਂ ਬਾਅਦ ਧਾਲੀਵਾਲ ਨੇ ਕਿਹਾ ਕਿ ਜੇਕਰ ਸਰੀਨ ਨਸ਼ਿਆਂ ਬਾਰੇ ਉਨ੍ਹਾਂ ਵਿਰੁੱਧ “ਆਪਣਾ ਬਿਆਨ ਵਾਪਸ ਨਹੀਂ ਲੈਂਦੇ” ਤਾਂ ਉਹ ਉਨ੍ਹਾਂ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਣਗੇ। ਉਨ੍ਹਾਂ ਕਿਹਾ ਕਿ ਜਦੋਂ ’ਆਪ’ ਸਰਕਾਰ ਨੇ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਸ਼ੁਰੂ ਕੀਤੀ ਸੀ, ਤਾਂ ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਨਸ਼ੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਜਦੋਂ ਕਿ ਜੋ ਨਸ਼ੇ ਦੇ ਆਦੀ ਹਨ, ਉਨ੍ਹਾਂ ਨਾਲ ਅਪਰਾਧੀਆਂ ਵਾਂਗ ਨਹੀਂ ਸਗੋਂ ਸਹੀ ਇਲਾਜ ਦੀ ਲੋੜ ਵਾਲੇ ਮਰੀਜ਼ਾਂ ਵਾਂਗ ਵਿਵਹਾਰ ਕੀਤਾ ਜਾਵੇਗਾ। “ਸਾਡਾ ਟੀਚਾ ਨਸ਼ਿਆਂ ਦਾ ਖਾਤਮਾ ਕਰਨਾ ਹੈ, ਜਿਸ ਲਈ ਵੇਚਣ ਵਾਲਿਆਂ ਅਤੇ ਉਪਭੋਗਤਾਵਾਂ ਵਿੱਚ ਫਰਕ ਕਰਨ ਦੀ ਲੋੜ ਹੈ, ਅਤੇ ਉਸ ਅਨੁਸਾਰ ਕਾਰਵਾਈ ਕਰਨ ਦੀ ਲੋੜ ਹੈ।
















