ਮੈਟਰੋ ਵੈਨਕੂਵਰ ‘ਚ ਜੂਨ ਤੋਂ ਸਟੇਜ-3 ਪਾਣੀ ਪਾਬੰਦੀਆਂ ਲੱਗਣ ਦੀ ਸੰਭਾਵਨਾ

Metro Vancouver could impose Stage-3 water restrictions in June due to dry weather, low snowfall, and increased pressure on the water supply system.

ਮੈਟਰੋ ਵੈਨਕੂਵਰ ‘ਚ ਜੂਨ ਤੋਂ ਸਟੇਜ-3 ਪਾਣੀ ਪਾਬੰਦੀਆਂ ਲੱਗਣ ਦੀ ਸੰਭਾਵਨਾ

ਵੈਨਕੂਵਰ-ਮੈਟਰੋ ਵੈਨਕੂਵਰ ਵਿੱਚ ਸੁੱਕੇ ਮੌਸਮ, ਬਰਫ਼ਬਾਰੀ ਦੇ ਰਿਕਾਰਡ ਘੱਟ ਪੱਧਰ ਅਤੇ ਪਾਣੀ ਸਪਲਾਈ ਪ੍ਰਣਾਲੀ ‘ਤੇ ਵੱਧ ਰਹੇ ਦਬਾਅ ਕਾਰਨ ਜੂਨ ਮਹੀਨੇ ਤੋਂ ਸਟੇਜ-3 ਪਾਣੀ ਪਾਬੰਦੀਆਂ ਲਾਗੂ ਕੀਤੀਆਂ ਜਾ ਸਕਦੀਆਂ ਹਨ। ਇਲਾਕੇ ਵਿੱਚ ਪਹਿਲਾਂ ਹੀ 1 ਮਈ ਤੋਂ ਸਟੇਜ-2 ਪਾਬੰਦੀਆਂ ਲਾਗੂ ਹਨ।

ਅਧਿਕਾਰੀਆਂ ਮੁਤਾਬਕ ਸਟੈਨਲੀ ਪਾਰਕ ਵਿੱਚ ਨਵੀਂ ਵਾਟਰ ਸਪਲਾਈ ਟਨਲ ਬਣਾਉਣ ਦਾ ਕੰਮ ਜਾਰੀ ਹੈ, ਜਿਸ ਕਾਰਨ “ਫਰਸਟ ਨੈਰੋਜ਼ ਕਰਾਸਿੰਗ” ਨਾਮਕ ਮੁੱਖ ਪਾਣੀ ਲਾਈਨ ਪਿਛਲੇ ਸਾਲ ਤੋਂ ਬੰਦ ਪਈ ਹੈ। ਇਹ ਲਾਈਨ ਨਾਰਥ ਸ਼ੋਰ ਦੇ ਸੀਮੋਰ, ਕੈਪੀਲਾਨੋ ਅਤੇ ਕੋਕੁਇਟਲਮ ਰਿਜ਼ਰਵਾਇਰਾਂ ਤੋਂ ਪਾਣੀ ਸਪਲਾਈ ਕਰਨ ਵਾਲੀਆਂ ਤਿੰਨ ਵੱਡੀਆਂ ਲਾਈਨਾਂ ਵਿੱਚੋਂ ਇੱਕ ਹੈ।

ਮੈਟਰੋ ਵੈਨਕੂਵਰ ਦੇ ਵਾਟਰ ਸਰਵਿਸਿਜ਼ ਵਿਭਾਗ ਦੀ ਡਾਇਰੈਕਟਰ ਲਿੰਡਾ ਪਾਰਕਿਨਸਨ ਨੇ ਕਿਹਾ ਕਿ ਇਸ ਵੇਲੇ ਬਾਕੀ ਦੋ ਲਾਈਨਾਂ ਰਾਹੀਂ ਹੀ ਪੂਰੇ ਖੇਤਰ ਨੂੰ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਜੇਕਰ ਗਰਮੀ ਦੇ ਮੌਸਮ ਦੌਰਾਨ ਪਾਣੀ ਦੀ ਖਪਤ ਵਧ ਗਈ ਤਾਂ ਪਾਣੀ ਦਾ ਦਬਾਅ ਘਟ ਸਕਦਾ ਹੈ, ਜਿਸ ਨਾਲ ਐਮਰਜੈਂਸੀ ਸੇਵਾਵਾਂ ਨੂੰ ਵੀ ਮੁਸ਼ਕਲ ਆ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਮੈਟਰੋ ਵੈਨਕੂਵਰ ਪ੍ਰਤੀ ਦਿਨ ਲਗਭਗ 1.4 ਬਿਲੀਅਨ ਲੀਟਰ ਪਾਣੀ ਬਿਨਾਂ ਰੁਕਾਵਟ ਸਪਲਾਈ ਕਰ ਸਕਦਾ ਹੈ, ਪਰ ਪਿਛਲੇ ਸਾਲ ਗਰਮੀਆਂ ਵਿੱਚ ਖਪਤ 1.5 ਬਿਲੀਅਨ ਲੀਟਰ ਤੱਕ ਪਹੁੰਚ ਗਈ ਸੀ। ਜੇਕਰ ਇਸ ਸਾਲ ਖਪਤ 1.4 ਬਿਲੀਅਨ ਲੀਟਰ ਤੋਂ ਹੇਠਾਂ ਰਹੀ ਤਾਂ ਸਟੇਜ-3 ਪਾਬੰਦੀਆਂ ਦੀ ਲੋੜ ਨਹੀਂ ਪਵੇਗੀ।ਹਾਲਾਂਕਿ ਪਾਰਕਿਨਸਨ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਇਹ ਸੰਭਾਵਨਾ ਘੱਟ ਦਿਖਾਈ ਦਿੰਦੀ ਹੈ। ਉਨ੍ਹਾਂ ਮੁਤਾਬਕ ਸਭ ਤੋਂ ਵੱਧ ਪਾਣੀ ਦੀ ਬਰਬਾਦੀ ਲਾਨਾਂ ਨੂੰ ਪਾਣੀ ਦੇਣ ਅਤੇ ਲੈਂਡਸਕੇਪਿੰਗ ਲਈ ਵਰਤੇ ਜਾਣ ਵਾਲੇ ਇਰੀਗੇਸ਼ਨ ਸਿਸਟਮਾਂ ਕਾਰਨ ਹੁੰਦੀ ਹੈ।ਅਧਿਕਾਰੀਆਂ ਨੇ ਲੋਕਾਂ ਨੂੰ ਪਾਣੀ ਪਾਬੰਦੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਗਰਮੀਆਂ ਦੌਰਾਨ ਪਾਣੀ ਸੰਕਟ ਤੋਂ ਬਚਿਆ ਜਾ ਸਕੇ।