ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਜਹਾਜ਼ ’ਚ 169 ਭਾਰਤੀ ਅਤੇ 61 ਵਿਦੇਸ਼ੀ ਸਨ ਸਵਾਰ
ਅਹਿਮਦਾਬਾਦ-ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਤੋਂ ਏਅਰ ਇੰਡੀਆ ਦੀ ਫਲਾਈਟ AI-171 ਜਿਸ ਨੇ ਹਵਾਈ ਅੱਡੇ ਤੋਂ 1:38 ਵਜੇ ਉਡਾਨ ਭਰੀ ਅਤੇ ਟੇਕਆਫ ਤੋਂ ਸਿਰਫ਼ 5 ਮਿੰਟ ਬਾਅਦ ਹੀ ਮੇਘਾਨੀਨਗਰ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਈ। ਇਹ ਜਹਾਜ਼ ਇੱਕ ਬੋਇੰਗ 787 ਡਰੀਮਲਾਈਨਰ ਸੀ, ਜਿਸ ਵਿੱਚ ਕੁੱਲ 242 ਲੋਕ ਸਵਾਰ ਸਨ। ਇਨ੍ਹਾਂ ਵਿੱਚ 230 ਯਾਤਰੀ, ਦੋ ਪਾਇਲਟ ਅਤੇ 10 ਕੈਬਿਨ ਕਰੂ ਸ਼ਾਮਲ ਸਨ। ਜਿਸ ਜਗ੍ਹਾ ਜਹਾਜ਼ ਹਾਦਸਾਗ੍ਰਸਤ ਹੋਇਆ ਹੈ ਉਹ ਰਿਹਾਇਸ਼ੀ ਇਲਾਕਾ ਹੈ, ਜਿਸ ਕਾਰਨ ਨੁਕਸਾਨ ਦੀ ਸੰਭਾਵਨਾ ਵੱਧ ਗਈ ਹੈ। ਹਾਲਾਂਕਿ, ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ 70-80% ਖੇਤਰ ਨੂੰ ਸਾਫ਼ ਕਰ ਲਿਆ ਗਿਆ ਹੈ। ਜਹਾਜ਼ ਵਿੱਚ ਸਵਾਰ 230 ਯਾਤਰੀਆਂ ਵਿੱਚੋਂ 169 ਭਾਰਤੀ ਨਾਗਰਿਕ ਸਨ, ਜਦੋਂ ਕਿ ਬਾਕੀ 61 ਵਿਦੇਸ਼ੀ ਨਾਗਰਿਕ ਸਨ। ਇਨ੍ਹਾਂ ਵਿਦੇਸ਼ੀ ਨਾਗਰਿਕਾਂ ਵਿੱਚ 53 ਬ੍ਰਿਟਿਸ਼, 7 ਪੁਰਤਗਾਲੀ ਅਤੇ 1 ਕੈਨੇਡੀਅਨ ਨਾਗਰਿਕ ਸ਼ਾਮਲ ਹਨ। ਏਅਰ ਇੰਡੀਆ ਨੇ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ, ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਤੁਰੰਤ ਵਿਜੇਵਾੜਾ ਵਿੱਚ ਚੱਲ ਰਹੇ ਆਪਣੇ ਪ੍ਰੋਗਰਾਮ ਨੂੰ ਛੱਡ ਕੇ ਅਹਿਮਦਾਬਾਦ ਲਈ ਰਵਾਨਾ ਹੋ ਗਏ। ਉਹ ਲਗਾਤਾਰ ਡੀਜੀਸੀਏ, ਏਏਆਈ, ਰਾਜ ਪ੍ਰਸ਼ਾਸਨ ਅਤੇ ਹੋਰ ਰਾਹਤ ਏਜੰਸੀਆਂ ਦੇ ਸੰਪਰਕ ਵਿੱਚ ਹਨ।
















