ਉਤਰਾਖੰਡ ਬਾਰਿਸ਼: ਚਮੋਲੀ ਵਿੱਚ ਮੁੱਖ ਸੜਕਾਂ ਟੁੱਟੀਆਂ, 2 ਵਿਅਕਤੀ ਲਾਪਤਾ
ਉਤਰਾਖੰਡ-ਚਮੋਲੀ ਜ਼ਿਲ੍ਹੇ ਦੇ ਥਰਾਲੀ ਕਸਬੇ ਵਿੱਚ ਰਾਤ ਭਰ ਹੋਈ ਭਾਰੀ ਬਾਰਿਸ਼ ਕਾਰਨ ਮੀਂਹ ਨਾਲੇ ਵਿੱਚ ਪਾਣੀ ਭਰ ਗਿਆ ਅਤੇ ਕਈ ਘਰਾਂ ਅਤੇ ਬਾਜ਼ਾਰਾਂ ਵਿੱਚ ਮਲਬਾ ਜਮ੍ਹਾਂ ਹੋ ਗਿਆ। ਜਾਣਕਾਰੀ ਮੁਤਾਬਕ ਤੁਨਰੀ ਗਧੇਰਾ, ਇੱਕ ਸੁੱਕੀ ਨਹਿਰ ਜੋ ਵਾਧੂ ਮੀਂਹ ਦੇ ਪਾਣੀ ਨੂੰ ਬਾਹਰ ਕੱਢਦੀ ਹੈ, ਨੇ ਪਿੰਡਰ ਨਦੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਤਹਿਸੀਲ ਦਫ਼ਤਰ ਨੂੰ ਵੀ ਮਲਬੇ ਨਾਲ ਭਰ ਦਿੱਤਾ। ਜਿਸ ਕਾਰਨ ਨੇੜਲੇ ਸਾਗਵਾੜਾ ਅਤੇ ਚੇਪਡਨ ਬਾਜ਼ਾਰ ਖੇਤਰਾਂ ਵਿੱਚ ਦੋ ਲੋਕ ਲਾਪਤਾ ਹੋ ਗਏ। ਇਸ ਮੌਕੇ ਅਧਿਕਾਰੀ ਨੇ ਕਿਹਾ ਕਿ 20 ਸਾਲਾ ਔਰਤ ਕਵਿਤਾ, ਸਾਗਵਾੜਾ ਤੋਂ ਲਾਪਤਾ ਹੋਣ ਦੀ ਰਿਪੋਰਟ ਹੈ, ਅਤੇ ਇੱਕ ਹੋਰ ਵਿਅਕਤੀ ਚੇਪਡਨ ਵਿੱਚ ਲਾਪਤਾ ਹੈ। ਇਸ ਮੌਕੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਤਬਾਹੀ ’ਤੇ ਦੁੱਖ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਪ੍ਰਸ਼ਾਸਨ ਰਾਹਤ ਕੈਂਪ ਸਥਾਪਤ ਕਰ ਰਿਹਾ ਹੈ। ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਤਿਵਾੜੀ ਸਵੇਰੇ ਤੜਕੇ ਮੌਕੇ ’ਤੇ ਰਵਾਨਾ ਹੋ ਗਏ। ਚਮੋਲੀ ਜ਼ਿਲ੍ਹਾ ਆਫ਼ਤ ਪ੍ਰਬੰਧਨ ਕੇਂਦਰ ਦੇ ਅਨੁਸਾਰ, ਥਰਾਲੀ ਨੂੰ ਜੋੜਨ ਵਾਲਾ ਕਰਨਪ੍ਰਯਾਗ-ਗਵਾਲਡਮ ਰਾਸ਼ਟਰੀ ਰਾਜਮਾਰਗ ਮਿੰਗ ਗਧੇਰਾ ਦੇ ਨੇੜੇ ਮਲਬੇ ਕਾਰਨ ਬੰਦ ਕਰ ਦਿੱਤਾ ਗਿਆ ਹੈ। ਥਰਾਲੀ-ਸਾਗਵਾੜਾ ਮੋਟਰ ਰੋਡ ਅਤੇ ਡੁੰਗਰੀ ਮੋਟਰ ਰੋਡ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਦੇ ਆਦੇਸ਼ ’ਤੇ ਤਿੰਨ ਵਿਕਾਸ ਬਲਾਕਾਂ ਵਿੱਚ ਸ਼ਨੀਵਾਰ ਨੂੰ ਸਕੂਲ ਬੰਦ ਰਹੇ। ਧਾਮੀ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਕਿਹਾ, “ਮੈਂ ਖੁਦ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹਾਂ। ਮੈਂ ਸਾਰਿਆਂ ਦੀ ਸੁਰੱਖਿਆ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।” ਇਹ ਘਟਨਾ ਰਾਜ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਬੱਦਲ ਫਟਣ ਨਾਲ ਹੋਈ ਤਬਾਹੀ ਤੋਂ ਕੁਝ ਹਫ਼ਤੇ ਬਾਅਦ ਵਾਪਰੀ, ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 65 ਲੋਕ ਲਾਪਤਾ ਹੋ ਗਏ। ਚਮੋਲੀ ਤੋਂ ਲਗਭਗ 264 ਕਿਲੋਮੀਟਰ ਦੂਰ ਧਾਰਲੀ ਵਿੱਚ ਅਚਾਨਕ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ, ਜਿਸ ਨਾਲ ਪਹਾੜੀ ਪਿੰਡ ਦਾ ਅੱਧਾ ਹਿੱਸਾ ਚਿੱਕੜ, ਮਲਬੇ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਦੱਬ ਗਿਆ।
















