ਸਿਹਤ ਕਾਰਨਾਂ ਕਰਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ 

ਸਿਹਤ ਕਾਰਨਾਂ ਕਰਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ 

ਨਵੀਂ ਦਿੱਲੀ-ਸਿਹਤ ਕਾਰਨਾਂ ਕਰਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਆਪਣੇ ਅਹੁਦੇ ਤੋਂ  ਅਸਤੀਫਾ ਦੇ ਦਿੱਤਾ ਹੈ ਅਤੇ ਧਨਖੜ ਨੇ ਇਸ ਸਬੰਧ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਇੱਕ ਪੱਤਰ ਲਿਖਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਲਿਖੇ ਪੱਤਰ ਵਿੱਚ ਸਿਹਤ ਕਾਰਨਾਂ ਅਤੇ ਡਾਕਟਰੀ ਸਲਾਹ ਦਾ ਹਵਾਲਾ ਦਿੰਦੇ ਹੋਏ ਸੰਵਿਧਾਨ ਦੀ ਧਾਰਾ 67(ਏ) ਦੇ ਤਹਿਤ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਰਾਸ਼ਟਰਪਤੀ ਮੁਰਮੂ ਨੂੰ ਲਿਖੇ ਆਪਣੇ ਪੱਤਰ ਵਿੱਚ, ਜਗਦੀਪ ਧਨਖੜ ਨੇ ਲਿਖਿਆ, ‘ਸਿਹਤ ਨੂੰ ਪਹਿਲ ਦਿੰਦੇ ਹੋਏ ਅਤੇ ਡਾਕਟਰੀ ਸਲਾਹ ਦੀ ਪਾਲਣਾ ਕਰਦੇ ਹੋਏ, ਮੈਂ ਤੁਰੰਤ ਪ੍ਰਭਾਵ ਨਾਲ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।’ ਉਨ੍ਹਾਂ ਰਾਸ਼ਟਰਪਤੀ ਦਾ ਉਨ੍ਹਾਂ ਦੇ ਸਹਿਯੋਗ ਅਤੇ ਸੁਹਿਰਦ ਸਬੰਧਾਂ ਲਈ ਧੰਨਵਾਦ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਦਾ ਵੀ ਉਨ੍ਹਾਂ ਦੇ ਸਹਿਯੋਗ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ। ਦੱਸ ਦਈਏ ਕਿ ਜਗਦੀਪ ਧਨਖੜ ਸਾਲ 2022 ਵਿੱਚ ਉਪ ਰਾਸ਼ਟਰਪਤੀ ਬਣੇ ਸਨ। ਉਨ੍ਹਾਂ ਦਾ ਕਾਰਜਕਾਲ 2027 ਤੱਕ ਸੀ। ਧਨਖੜ ਨੇ ਕਿਹਾ ਕਿ ਇਸ ਮਹੱਤਵਪੂਰਨ ਸਮੇਂ ਦੌਰਾਨ ਭਾਰਤ ਦੀ ਸ਼ਾਨਦਾਰ ਆਰਥਿਕ ਤਰੱਕੀ ਅਤੇ ਬੇਮਿਸਾਲ ਵਿਕਾਸ ਨੂੰ ਦੇਖਣਾ ਅਤੇ ਇਸ ਵਿੱਚ ਹਿੱਸਾ ਲੈਣਾ ਮੇਰੇ ਲਈ ਬਹੁਤ ਸਨਮਾਨ ਅਤੇ ਸੰਤੁਸ਼ਟੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਇਤਿਹਾਸ ਦੇ ਇਸ ਪਰਿਵਰਤਨਸ਼ੀਲ ਯੁੱਗ ਵਿੱਚ ਸੇਵਾ ਕਰਨਾ ਮੇਰੇ ਲਈ ਇੱਕ ਸੱਚਾ ਸਨਮਾਨ ਹੈ। ਕਾਬਲੇ ਗੌਰ ਹੈ ਕਿ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੂੰ ਇਸ ਸਾਲ ਮਾਰਚ ਵਿੱਚ ਦਿਲ ਦੀਆਂ ਬਿਮਾਰੀਆਂ ਕਾਰਨ ਚਾਰ ਦਿਨਾਂ ਲਈ ਏਮਜ਼-ਦਿੱਲੀ ਵਿੱਚ ਦਾਖਲ ਕਰਵਾਇਆ ਗਿਆ ਸੀ। ਦੱਸ ਦਈਏ ਕਿ ਸੰਵਿਧਾਨ ਦੇ ਅਨੁਸਾਰ, ਉਪ ਰਾਸ਼ਟਰਪਤੀ ਦੇ ਅਹੁਦੇ ‘ਤੇ ਖਾਲੀ ਹੋਣ ਦੀ ਸਥਿਤੀ ਵਿੱਚ, ਰਾਜ ਸਭਾ ਦੇ ਉਪ ਚੇਅਰਪਰਸਨ ਉੱਚ ਸਦਨ ਦੇ ਕਾਰਜਕਾਰੀ ਚੇਅਰਪਰਸਨ ਵਜੋਂ ਕੰਮ ਕਰਦੇ ਹਨ। ਵਰਤਮਾਨ ਵਿੱਚ, ਇਹ ਅਹੁਦਾ ਹਰਿਵੰਸ਼ ਨਾਰਾਇਣ ਸਿੰਘ (ਅਗਸਤ 2022 ਵਿੱਚ ਨਿਯੁਕਤ) ਕੋਲ ਹੈ, ਜੋ ਇਸ ਭੂਮਿਕਾ ਨੂੰ ਅਸਥਾਈ ਤੌਰ ‘ਤੇ ਨਿਭਾਉਣਗੇ। ਅਸਤੀਫ਼ੇ ਦੇ 60 ਦਿਨਾਂ ਦੇ ਅੰਦਰ ਖਾਲੀ ਥਾਂ ਨੂੰ ਭਰਨ ਲਈ ਇੱਕ ਰਸਮੀ ਚੋਣ ਹੋਣੀ ਚਾਹੀਦੀ ਹੈ। ਵੋਟਰਾਂ ਵਿੱਚ ਸੰਸਦ ਦੇ ਦੋਵਾਂ ਸਦਨਾਂ ਦੇ ਸਾਰੇ ਮੈਂਬਰ ਸ਼ਾਮਲ ਹੁੰਦੇ ਹਨ, ਜੋ ਕਿ ਸਿੰਗਲ ਟਰਾਂਸਫਰੇਬਲ ਵੋਟ ਰਾਹੀਂ ਅਨੁਪਾਤਕ ਪ੍ਰਤੀਨਿਧਤਾ ਪ੍ਰਣਾਲੀ ਦੀ ਵਰਤੋਂ ਕਰਦੇ ਹਨ।