ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚਤਾਣ 'ਤੇ ਰਾਹੁਲ ਗਾਂਧੀ ਦੀ ਨਜ਼ਰ, 2027 ਚੋਣਾਂ ਤੋਂ ਪਹਿਲਾਂ ਵੱਡੇ ਫ਼ੈਸਲੇ ਦੀ ਉਡੀਕ

ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚਤਾਣ 'ਤੇ ਰਾਹੁਲ ਗਾਂਧੀ ਦੀ ਨਜ਼ਰ, 2027 ਚੋਣਾਂ ਤੋਂ ਪਹਿਲਾਂ ਵੱਡੇ ਫ਼ੈਸਲੇ ਦੀ ਉਡੀਕ

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਵਧ ਰਹੀ ਅੰਦਰੂਨੀ ਖਿੱਚਤਾਣ ਨੂੰ ਲੈ ਕੇ ਪਾਰਟੀ ਹਾਈਕਮਾਂਡ ਸਰਗਰਮ ਹੋ ਗਿਆ ਹੈ। ਵਿਦੇਸ਼ ਦੌਰੇ ਤੋਂ ਵਾਪਸ ਪਰਤੇ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਮੀਟਿੰਗ ਕਰਕੇ ਪੰਜਾਬ ਇਕਾਈ ਦੇ ਹਾਲਾਤਾਂ 'ਤੇ ਚਰਚਾ ਕੀਤੀ। ਇਸ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਵੀ ਦਿੱਲੀ ਤਲਬ ਕੀਤਾ ਗਿਆ ਹੈ, ਜੋ ਬੁੱਧਵਾਰ ਨੂੰ ਹਾਈਕਮਾਂਡ ਨਾਲ ਮੁਲਾਕਾਤ ਕਰਕੇ ਆਪਣੀ ਰਿਪੋਰਟ ਪੇਸ਼ ਕਰਨਗੇ।

ਸੂਤਰਾਂ ਮੁਤਾਬਕ ਭੂਪੇਸ਼ ਬਘੇਲ ਨੇ ਪੰਜਾਬ ਦੇ ਹਾਲਾਤਾਂ ਬਾਰੇ ਵਿਸਥਾਰਪੂਰਵਕ ਰਿਪੋਰਟ ਸੌਂਪੀ ਹੈ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਰੋਧ ਦਾ ਜ਼ਿਕਰ ਕੀਤਾ ਗਿਆ ਹੈ। ਇਸ ਕਾਰਨ ਪਾਰਟੀ ਵਿੱਚ ਲੀਡਰਸ਼ਿਪ ਬਦਲਾਅ ਦੀਆਂ ਚਰਚਾਵਾਂ ਵੀ ਤੇਜ਼ ਹੋ ਗਈਆਂ ਹਨ।

ਵਿਵਾਦ ਉਸ ਸਮੇਂ ਹੋਰ ਵਧ ਗਿਆ ਜਦੋਂ ਕਾਂਗਰਸ ਹਾਈਕਮਾਂਡ ਨੇ ਜੁਲਾਈ ਮਹੀਨੇ ਵਿੱਚ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਈ ਰੱਖਣ ਦਾ ਫ਼ੈਸਲਾ ਕੀਤਾ, ਜਦਕਿ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਪਾਰਟੀ ਵਿੱਚ ਏਕਤਾ ਦਿਖਾਉਣ ਲਈ ਲਏ ਗਏ ਇਸ ਫ਼ੈਸਲੇ ਤੋਂ ਬਾਅਦ ਹੀ ਧੜੇਬੰਦੀ ਹੋਰ ਗਹਿਰੀ ਹੋ ਗਈ।

ਦੱਸ ਦੇਈਏ ਕਿ ਭੂਪੇਸ਼ ਬਘੇਲ ਨੇ ਹਾਲ ਹੀ ਵਿੱਚ ਪੰਜਾਬ ਦੌਰੇ ਦੌਰਾਨ ਧੜਿਆਂ ਵਿੱਚ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਸਫ਼ਲ ਨਹੀਂ ਹੋ ਸਕੇ। ਦੱਸਿਆ ਜਾ ਰਿਹਾ ਹੈ ਕਿ ਬਾਗੀ ਧੜੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰਾਜਾ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਤੋਂ ਘੱਟ ਕਿਸੇ ਗੱਲ 'ਤੇ ਸਹਿਮਤ ਨਹੀਂ ਹੋਵੇਗਾ। ਹਾਲਾਂਕਿ ਬਘੇਲ ਨੇ ਕਿਹਾ ਕਿ ਲੀਡਰਸ਼ਿਪ ਬਦਲਣਾ ਕੋਈ "ਗੁੱਡਾ-ਗੁੱਡੀ ਦਾ ਖੇਡ" ਨਹੀਂ ਹੈ ਅਤੇ ਹਾਈਕਮਾਂਡ ਵੱਲੋਂ ਲਿਆ ਫ਼ੈਸਲਾ ਇੰਨੀ ਆਸਾਨੀ ਨਾਲ ਨਹੀਂ ਬਦਲਿਆ ਜਾ ਸਕਦਾ।

ਇਸ ਦਰਮਿਆਨ ਭੂਪੇਸ਼ ਬਘੇਲ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਇੱਕੋ ਚਿਹਰਾ ਰਾਹੁਲ ਗਾਂਧੀ ਹਨ, ਜਿਸ ਤੋਂ ਸੰਕੇਤ ਮਿਲਦੇ ਹਨ ਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੱਖਰਾ ਮੁੱਖ ਮੰਤਰੀ ਚਿਹਰਾ ਐਲਾਨ ਕਰਨ ਦੇ ਹੱਕ ਵਿੱਚ ਨਹੀਂ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਪੰਜਾਬ ਦੇ ਆਗੂਆਂ ਦੀ ਰਾਏ ਸੁਣਨ ਦੇ ਇੱਛੁਕ ਹਨ ਅਤੇ ਉਹ ਚਾਹੁੰਦੇ ਹਨ ਕਿ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਚੱਲ ਰਹੀ ਬਗਾਵਤ ਨੂੰ ਜਲਦੀ ਖ਼ਤਮ ਕੀਤਾ ਜਾਵੇ। ਹਾਈਕਮਾਂਡ ਨੂੰ ਚਿੰਤਾ ਹੈ ਕਿ ਜੇ ਅੰਦਰੂਨੀ ਖਿੱਚਤਾਣ ਜਾਰੀ ਰਹੀ ਤਾਂ 2027 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ।

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ 18 ਸੀਟਾਂ ਜਿੱਤਣ ਵਾਲੀ ਕਾਂਗਰਸ ਇਸ ਵਾਰ ਏਕਤਾ ਅਤੇ ਰਾਹੁਲ ਗਾਂਧੀ ਦੀ ਲੋਕਪ੍ਰਿਯਤਾ ਦੇ ਸਹਾਰੇ ਵਾਪਸੀ ਦੀ ਉਮੀਦ ਕਰ ਰਹੀ ਹੈ। ਹਾਲਾਂਕਿ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਅੰਦਰੂਨੀ ਵਿਵਾਦ ਜਲਦੀ ਨਾ ਸੁਲਝਿਆ ਤਾਂ ਇਹ ਪਾਰਟੀ ਦੀਆਂ ਚੋਣੀ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।