ਬੰਗਲਾਦੇਸ਼ ਸਕੂਲ ਜੈੱਟ ਹਾਦਸਾ ਦੌਰਾਨ 25 ਬੱਚਿਆਂ ਸਮੇਤ ਮੌਤਾਂ ਦੀ ਗਿਣਤੀ 27 ਤੱਕ ਅੱਪੜੀ
ਢਾਕਾ-ਢਾਕਾ ਵਿੱਚ ਇੱਕ ਸਕੂਲ ਦੀ ਇਮਾਰਤ ਨਾਲ ਬੰਗਲਾਦੇਸ਼ ਹਵਾਈ ਸੈਨਾ ਦੇ ਸਿਖਲਾਈ ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ। ਜਾਣਕਾਰੀ ਮੁਤਾਬਕ ਚੀਨ ਵਿੱਚ ਬਣਿਆ ਐਫ-7 ਬੀਜੀਆਈ ਜਹਾਜ਼, ਇੱਕ ਸਿਖਲਾਈ ਲੜਾਕੂ ਜਹਾਜ਼, ਸੋਮਵਾਰ ਨੂੰ ਢਾਕਾ ਦੇ ਉੱਤਰਾ ਖੇਤਰ ਵਿੱਚ ਦਿਆਬਾਰੀ ਵਿਖੇ ਮਾਈਲਸਟੋਨ ਸਕੂਲ ਅਤੇ ਕਾਲਜ ਦੀ ਦੋ ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ। ਇਸ ਮੌਕੇ ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨਸ ਦੇ ਵਿਸ਼ੇਸ਼ ਸਲਾਹਕਾਰ, ਸੈਦੁਰ ਰਹਿਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ“ਮ੍ਰਿਤਕਾਂ ਦੀ ਗਿਣਤੀ ਹੁਣ 27 ਹੈ ਅਤੇ ਉਨ੍ਹਾਂ ਵਿੱਚੋਂ 25 ਬੱਚੇ ਹਨ। ਇਸ ਤੋਂ ਬਿਨਾਂ ਲਗਭਗ 170 ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਪਾਇਲਟ, ਫਲਾਈਟ ਲੈਫਟੀਨੈਂਟ ਮੁਹੰਮਦ ਤੌਕੀਰ ਇਸਲਾਮ ਵੀ ਸ਼ਾਮਲ ਸੀ। ਸਰਕਾਰ ਨੇ ਹਾਦਸੇ ਤੋਂ ਪ੍ਰਭਾਵਿਤ ਲੋਕਾਂ ਦੀ ਯਾਦ ਵਿੱਚ ਮੰਗਲਵਾਰ ਨੂੰ ਇੱਕ ਸਰਕਾਰੀ ਸੋਗ ਦਿਵਸ ਦਾ ਐਲਾਨ ਕੀਤਾ ਹੈ। ਮੁੱਖ ਸਲਾਹਕਾਰ ਦਫ਼ਤਰ ਵੱਲੋਂ ਸੋਮਵਾਰ ਨੂੰ ਇੱਕ ਬਿਆਨ ਵਿੱਚ ਐਲਾਨ ਕੀਤਾ ਗਿਆ ਹੈ ਕਿ ਦੇਸ਼ ਭਰ ਦੇ ਸਾਰੇ ਸਰਕਾਰੀ, ਅਰਧ-ਸਰਕਾਰੀ, ਖੁਦਮੁਖਤਿਆਰ ਸੰਸਥਾਵਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਜ਼ਖਮੀਆਂ ਅਤੇ ਮ੍ਰਿਤਕਾਂ ਲਈ ਦੇਸ਼ ਦੇ ਸਾਰੇ ਧਾਰਮਿਕ ਸਥਾਨਾਂ ’ਤੇ ਵਿਸ਼ੇਸ਼ ਪ੍ਰਾਰਥਨਾਵਾਂ ਦਾ ਆਯੋਜਨ ਕੀਤਾ ਜਾਵੇਗਾ। ਬੰਗਲਾਦੇਸ਼ ਹਵਾਈ ਸੈਨਾ ਦੁਆਰਾ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਉੱਚ-ਪੱਧਰੀ ਜਾਂਚ ਕਮੇਟੀ ਬਣਾਈ ਗਈ ਹੈ।
















