ਗੁਜਰਾਤ ਦੇ ਵਡੋਦਰਾ ਵਿੱਚ 40 ਸਾਲ ਪੁਰਾਣਾ ਪੁਲ ਡਿੱਗਿਆ, 8 ਵਿਅਕਤੀਆਂ ਦੀ ਹੋਈ ਮੌਤ

ਗੁਜਰਾਤ ਦੇ ਵਡੋਦਰਾ ਵਿੱਚ 40 ਸਾਲ ਪੁਰਾਣਾ ਪੁਲ ਡਿੱਗਿਆ, 8 ਵਿਅਕਤੀਆਂ ਦੀ ਹੋਈ ਮੌਤ

ਗੁਜਰਾਤ-ਬੁੱਧਵਾਰ ਸਵੇਰੇ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਚਾਰ ਦਹਾਕੇ ਪੁਰਾਣੇ ਪੁਲ ਦੇ ਇੱਕ ਹਿੱਸੇ ਦੇ ਢਹਿਣ ਤੋਂ ਬਾਅਦ ਕਈ ਵਾਹਨ ਨਦੀ ਵਿੱਚ ਡਿੱਗਣ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰਾਂ ਨੂੰ ਬਚਾਇਆ ਗਿਆ। ਜਾਣਕਾਰੀ ਮੁਤਾਬਕ ਪੁਲਿਸ ਸੁਪਰਡੈਂਟ (ਵਡੋਦਰਾ ਦਿਹਾਤੀ) ਰੋਹਨ ਆਨੰਦ ਨੇ ਕਿਹਾ ਕਿ ਕੇਂਦਰੀ ਗੁਜਰਾਤ ਅਤੇ ਰਾਜ ਦੇ ਸੌਰਾਸ਼ਟਰ ਖੇਤਰਾਂ ਨੂੰ ਜੋੜਨ ਵਾਲੀ ਨਦੀ ’ਤੇ ਸਥਿਤ ਗੰਭੀਰਾ ਪੁਲ ਦਾ ਇੱਕ ਸਲੈਬ ਡਿੱਗਣ ਨਾਲ ਪੰਜ ਵਾਹਨ ਮਹੀਸਾਗਰ ਨਦੀ ਵਿੱਚ ਡਿੱਗ ਗਏ। ਉਨ੍ਹਾਂ ਅੱਗੇ ਕਿਹਾ ਕਿ ਇਸ ਘਟਨਾ ਵਿੱਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਪਾਦਰਾ ਪੁਲਿਸ ਇੰਸਪੈਕਟਰ ਵਿਜੇ ਚਰਨ ਨੇ ਕਿਹਾ ਕਿ ਪੰਜ ਵਿਅਕਤੀਆਂ ਨੂੰ ਬਚਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।  ਗੁਜਰਾਤ ਦੇ ਮੰਤਰੀ ਰੁਸ਼ੀਕੇਸ਼ ਪਟੇਲ ਨੇ ਕਿਹਾ ਕਿ ਪੁਲ 1985 ਵਿੱਚ ਬਣਾਇਆ ਗਿਆ ਸੀ ਅਤੇ ਇਸਦੀ ਦੇਖਭਾਲ ਸਮੇਂ-ਸਮੇਂ ’ਤੇ ਲੋੜ ਅਨੁਸਾਰ ਕੀਤੀ ਜਾਂਦੀ ਸੀ। “ਘਟਨਾ ਦੇ ਪਿੱਛੇ ਸਹੀ ਕਾਰਨ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਤਕਨੀਕੀ ਮਾਹਿਰਾਂ ਨੂੰ ਮੌਕੇ ’ਤੇ ਪਹੁੰਚਣ ਅਤੇ ਡਿੱਗਣ ਦੇ ਕਾਰਨਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ) ਦੀ ਇੱਕ ਟੀਮ ਵੀ ਬਚਾਅ ਉਪਕਰਣਾਂ ਨਾਲ ਘਟਨਾ ਸਥਾਨ ਲਈ ਰਵਾਨਾ ਹੋਈ। 900 ਮੀਟਰ ਲੰਬੇ ਗੰਭੀਰਾ ਪੁਲ ਵਿੱਚ 23 ਖੰਭੇ ਹਨ ਅਤੇ ਇਹ ਗੁਜਰਾਤ ਦੇ ਵਡੋਦਰਾ ਅਤੇ ਆਨੰਦ ਜ਼ਿਲ੍ਹਿਆਂ ਨੂੰ ਜੋੜਦਾ ਹੈ। ਇਸਦਾ ਉਦਘਾਟਨ 1985 ਵਿੱਚ ਹੋਇਆ ਸੀ।