ਅਮਰੀਕਾ ਵੱਲੋਂ ਇਜ਼ਰਾਈਲੀ ਪਾਬੰਦੀਆਂ ’ਤੇ ਕੈਨੇਡਾ ਅਤੇ ਚਾਰ ਹੋਰ ਦੇਸ਼ਾਂ ਦੀ ਨਿੰਦਾ
ਓਟਾਵਾ-ਅਮਰੀਕਾ ਨੇ ਮੰਗਲਵਾਰ ਨੂੰ ਦੋ ਇਜ਼ਰਾਈਲੀ ਕੈਬਨਿਟ ਮੰਤਰੀਆਂ ’ਤੇ ਪਾਬੰਦੀਆਂ ਲਗਾਉਣ ਲਈ ਕੈਨੇਡਾ ਅਤੇ ਚਾਰ ਹੋਰ ਦੇਸ਼ਾਂ ਦੀ ਨਿੰਦਾ ਕੀਤੀ। ਜਾਣਕਾਰੀ ਮੁਤਾਬਕ ਕੈਨੇਡਾ ਮੰਗਲਵਾਰ ਨੂੰ ਇਜ਼ਰਾਈਲੀ ਰਾਸ਼ਟਰੀ ਸੁਰੱਖਿਆ ਮੰਤਰੀ ਇਟਾਮਾਰ ਬੇਨ-ਗਵੀਰ ਅਤੇ ਵਿੱਤ ਮੰਤਰੀ ਬੇਜ਼ਾਲੇਲ ਸਮੋਟਰਿਚ ’ਤੇ ਪਾਬੰਦੀ ਲਗਾਉਣ ਵਿੱਚ ਯੂਕੇ, ਨਾਰਵੇ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਨਾਲ ਸ਼ਾਮਲ ਹੋਇਆ, ਉਨ੍ਹਾਂ ’ਤੇ ਪੱਛਮੀ ਕੰਢੇ ਵਿੱਚ ਫਲਸਤੀਨੀਆਂ ਦੇ ਵਿਸਥਾਪਨ ਅਤੇ ਖੇਤਰ ਵਿੱਚ ਇਜ਼ਰਾਈਲੀ ਬਸਤੀਆਂ ਦੇ ਵਿਸਥਾਰ ਦੀ ਮੰਗ ਕਰਕੇ ਕੱਟੜਪੰਥੀ ਬਿਆਨਬਾਜ਼ੀ” ਨੂੰ ਅੱਗੇ ਵਧਾਉਣ ਦਾ ਦੋਸ਼ ਲਗਾਇਆ। ਪੰਜ ਦੇਸ਼ਾਂ ਦੇ ਇੱਕ ਸਾਂਝੇ ਬਿਆਨ ਮੁਤਾਬਕ ਇਟਾਮਾਰ ਬੇਨ-ਗਵੀਰ ਅਤੇ ਬੇਜ਼ਾਲੇਲ ਸਮੋਟਰਿਚ ਨੇ ਕੱਟੜਪੰਥੀ ਹਿੰਸਾ ਅਤੇ ਫਲਸਤੀਨੀ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਨੂੰ ਭੜਕਾਇਆ ਹੈ,”ਫਲਸਤੀਨੀਆਂ ਦੇ ਜ਼ਬਰਦਸਤੀ ਵਿਸਥਾਪਨ ਅਤੇ ਨਵੀਆਂ ਇਜ਼ਰਾਈਲੀ ਬਸਤੀਆਂ ਦੀ ਸਿਰਜਣਾ ਦੀ ਵਕਾਲਤ ਕਰਨ ਵਾਲੀ ਕੱਟੜਪੰਥੀ ਬਿਆਨਬਾਜ਼ੀ ਭਿਆਨਕ ਅਤੇ ਖ਼ਤਰਨਾਕ ਹੈ। ਇਹ ਕਾਰਵਾਈਆਂ ਸਵੀਕਾਰਯੋਗ ਨਹੀਂ ਹਨ।” ਜ਼ਿਕਰਯੋਗ ਹੈ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੁਆਰਾ ਮੰਗਲਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ, ਸੰਯੁਕਤ ਰਾਜ ਨੇ ਪਾਬੰਦੀਆਂ ਦੀ ਨਿੰਦਾ ਕੀਤੀ ਅਤੇ ਦੇਸ਼ਾਂ ਨੂੰ ਉਲਟਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਬੰਦੀਆਂ ਅਮਰੀਕਾ ਦੇ ਖੇਤਰ ਵਿੱਚ ਜੰਗਬੰਦੀ ਪ੍ਰਾਪਤ ਕਰਨ, ਬੰਧਕਾਂ ਨੂੰ ਘਰ ਵਾਪਸ ਲਿਆਉਣ ਅਤੇ ਯੁੱਧ ਖਤਮ ਕਰਨ ਦੇ ਯਤਨਾਂ ਨੂੰ ਅੱਗੇ ਨਹੀਂ ਵਧਾਉਂਦੀਆਂ। ਬਿਆਨ ਵਿੱਚ ਗਾਜ਼ਾ ਦੇ ਨਾਗਰਿਕਾਂ ਦੀ ਸ਼ਾਂਤੀ ਭੰਗ ਕਰਨ ਲਈ ਹਮਾਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਸ ਮੌਕੇ ਇਨ੍ਹਾਂ ਦੇਸ਼ਾਂ ਦੇ ਰਾਜਨੀਤਿਕ ਆਗੂਆਂ ਨੇ ਆਪੋ ਆਪਣੇ ਬਿਆਨ ਪੇਸ਼ ਕੀਤੇ ਅਤੇ ਪਾਬੰਦੀਆਂ ਲਾਗੂ ਰੱਖਣ ਦੀ ਸਲਾਹ ਦਿੱਤੀ।
















