2026 ਕੈਲਗਰੀ ਸਟੈਂਪੀਡ 'ਚ ਪਹਿਲੇ ਤਿੰਨ ਦਿਨਾਂ ਦੌਰਾਨ ਦਰਸ਼ਕਾਂ ਦੀ ਗਿਣਤੀ 'ਚ ਗਿਰਾਵਟ
ਕੈਲਗਰੀ-ਦੁਨੀਆ ਦੇ ਸਭ ਤੋਂ ਵੱਡੇ ਬਾਹਰੀ ਮੇਲਿਆਂ ਵਿੱਚੋਂ ਇੱਕ ਕੈਲਗਰੀ ਸਟੈਂਪੀਡ 2026 ਦੇ ਪਹਿਲੇ ਤਿੰਨ ਦਿਨਾਂ ਦੌਰਾਨ ਆਉਣ ਵਾਲੇ ਦਰਸ਼ਕਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਦਰਜ ਕੀਤੀ ਗਈ ਹੈ।ਸਟੈਂਪੀਡ ਪ੍ਰਬੰਧਕਾਂ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਨੀਕ-ਅ-ਪੀਕ ਸਮੇਤ ਪਹਿਲੇ ਤਿੰਨ ਦਿਨਾਂ ਵਿੱਚ ਕੁੱਲ 3,27,456 ਲੋਕਾਂ ਨੇ ਸਟੈਂਪੀਡ ਪਾਰਕ ਵਿੱਚ ਦਾਖ਼ਲਾ ਕੀਤਾ।
ਉਦਘਾਟਨੀ ਦਿਨ 1,55,518 ਦਰਸ਼ਕ ਪਹੁੰਚੇ, ਜਦਕਿ ਸ਼ਨੀਵਾਰ ਨੂੰ 1,39,914 ਲੋਕਾਂ ਨੇ ਸਟੈਂਪੀਡ ਦਾ ਆਨੰਦ ਮਾਣਿਆ। ਇਸ ਤੋਂ ਪਹਿਲਾਂ ਹੋਏ ਸਨੀਕ-ਅ-ਪੀਕ ਸਮਾਗਮ ਵਿੱਚ ਕਰੀਬ 32 ਹਜ਼ਾਰ ਲੋਕ ਸ਼ਾਮਲ ਹੋਏ।ਇਸ ਦੇ ਉਲਟ 2025 ਵਿੱਚ ਉਦਘਾਟਨੀ ਦਿਨ 1,61,057, ਸ਼ਨੀਵਾਰ ਨੂੰ 1,42,199 ਅਤੇ ਸਨੀਕ-ਅ-ਪੀਕ ਵਿੱਚ 35,715 ਦਰਸ਼ਕ ਆਏ ਸਨ। ਉਸ ਸਮੇਂ ਪਹਿਲੇ ਤਿੰਨ ਦਿਨਾਂ ਦੀ ਕੁੱਲ ਹਾਜ਼ਰੀ 3,38,971 ਸੀ, ਜੋ ਇਸ ਸਾਲ ਨਾਲੋਂ 11,515 ਵੱਧ ਹੈ।
ਸਟੈਂਪੀਡ ਦਾ ਸਰਵਕਾਲੀਨ ਹਾਜ਼ਰੀ ਰਿਕਾਰਡ 2024 ਵਿੱਚ 14,77,953 ਦਰਸ਼ਕਾਂ ਦਾ ਬਣਿਆ ਸੀ। 2025 ਵਿੱਚ ਕੁੱਲ 14,70,288 ਲੋਕਾਂ ਨੇ ਸਟੈਂਪੀਡ ਵਿੱਚ ਸ਼ਿਰਕਤ ਕੀਤੀ ਸੀ, ਜੋ ਰਿਕਾਰਡ ਤੋਂ ਲਗਭਗ 7 ਹਜ਼ਾਰ ਘੱਟ ਸੀ।ਇਸ ਦੌਰਾਨ ਸ਼ੁੱਕਰਵਾਰ ਨੂੰ ਨਿਕਲੀ ਕੈਲਗਰੀ ਸਟੈਂਪੀਡ ਪਰੇਡ ਦੇਖਣ ਲਈ ਡਾਊਨਟਾਊਨ ਵਿੱਚ ਕਰੀਬ 3,15,000 ਲੋਕ ਇਕੱਠੇ ਹੋਏ। ਪਰੇਡ ਵਿੱਚ 125 ਤੋਂ ਵੱਧ ਝਾਕੀਆਂ ਅਤੇ ਹੋਰ ਪੇਸ਼ਕਾਰੀਆਂ ਸ਼ਾਮਲ ਸਨ।ਐਤਵਾਰ ਨੂੰ ਸਟੈਂਪੀਡ ਪਾਰਕ ਵਿੱਚ ਟਿਮ ਹਾਰਟਨਜ਼ ਫੈਮਿਲੀ ਡੇ ਮਨਾਇਆ ਜਾ ਰਿਹਾ ਹੈ। ਸਵੇਰੇ 11 ਵਜੇ ਤੱਕ ਦਾਖ਼ਲਾ ਪਰਿਵਾਰਾਂ ਲਈ ਵਿਸ਼ੇਸ਼ ਰੂਪ ਵਿੱਚ ਖੁੱਲ੍ਹਾ ਹੈ, ਜਦਕਿ ਜੀਐਮਸੀ ਸਟੇਡੀਅਮ ਕੋਰਟਯਾਰਡ ਵਿੱਚ ਸਵੇਰੇ 10 ਵਜੇ ਤੱਕ ਮੁਫ਼ਤ ਪੈਨਕੇਕ ਨਾਸ਼ਤਾ ਵੀ ਕਰਵਾਇਆ ਜਾ ਰਿਹਾ ਹੈ।
ਪਿਛਲੇ ਦੋ ਸਾਲਾਂ ਦੌਰਾਨ ਫੈਮਿਲੀ ਡੇ ਸਟੈਂਪੀਡ ਦੇ ਸਭ ਤੋਂ ਵੱਧ ਭੀੜ ਵਾਲੇ ਦਿਨਾਂ ਵਿੱਚੋਂ ਇੱਕ ਰਿਹਾ ਹੈ। 2024 ਵਿੱਚ ਇਸ ਦਿਨ 2,01,260 ਅਤੇ 2025 ਵਿੱਚ 1,82,063 ਦਰਸ਼ਕ ਸਟੈਂਪੀਡ ਪਾਰਕ ਪਹੁੰਚੇ ਸਨ।ਐਤਵਾਰ ਨੂੰ ਸਟੈਂਪੀਡ ਪਾਰਕ ਵਿੱਚ ਫ੍ਰੀਸਟਾਈਲ ਮੋਟਰਕ੍ਰਾਸ, ਸਟੈਂਪੀਡ ਸ਼ੋਅਬੈਂਡ, ਹਾਈ ਡਾਈਵ ਸ਼ੋਅ, ਬੱਚਿਆਂ ਲਈ ਵਿਸ਼ੇਸ਼ ਮਨੋਰੰਜਨ ਪ੍ਰੋਗਰਾਮ, ਐਲਬੋ ਰਿਵਰ ਕੈਂਪ ਦੀਆਂ ਰਵਾਇਤੀ ਗਤੀਵਿਧੀਆਂ, ਰੋਡੀਓ ਮੁਕਾਬਲੇ ਅਤੇ ਸ਼ਾਮ ਦਾ ਗ੍ਰੈਂਡਸਟੈਂਡ ਸ਼ੋਅ ਕਰਵਾਇਆ ਜਾਵੇਗਾ। ਰਾਤ ਦਾ ਸਮਾਪਨ ਰੰਗ-ਬਿਰੰਗੀ ਆਤਿਸ਼ਬਾਜ਼ੀ ਨਾਲ ਹੋਵੇਗਾ। ਇਸ ਤੋਂ ਇਲਾਵਾ ਕਈ ਪ੍ਰਸਿੱਧ ਸੰਗੀਤਕਾਰਾਂ ਅਤੇ ਬੈਂਡਾਂ ਦੀਆਂ ਲਾਈਵ ਪੇਸ਼ਕਾਰੀਆਂ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹਿਣਗੀਆਂ।
















