ਸਰੀ ਦੀ ਮੇਅਰ ਬਰੈਂਡਾ ਲੌਕ ਵੱਲੋਂ ਵਿਸ਼ੇਸ਼ ਕਮਿਸ਼ਨਰ ਲਗਾਉਣ ਅਤੇ ਗੈਰ-ਨਾਗਰਿਕਾਂ ਦੀ ਡਿਪੋਰਟੇਸ਼ਨ ਦੀ ਅਪੀਲ
ਸਰੀ-ਸਰੀ ਦੀ ਮੇਅਰ ਬਰੈਂਡਾ ਲੌਕ ਨੇ ਸ਼ਹਿਰ ਅਤੇ ਦੇਸ਼ ਭਰ ਵਿੱਚ ਵਧ ਰਹੀਆਂ ਜਬਰਨ ਵਸੂਲੀ ਦੀਆਂ ਘਟਨਾਵਾਂ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਇਸ ਸਬੰਧੀ ਉਹ ਇਸ ਹਫ਼ਤੇ ਓਟਾਵਾ ਦੌਰੇ ’ਤੇ ਹਨ, ਜਿੱਥੇ ਫੈਡਰਲ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਹੋਰ ਮਿਊਂਸੀਪਲ ਨੇਤਾਵਾਂ ਨਾਲ ਹੋਣ ਵਾਲੀਆਂ ਮੀਟਿੰਗਾਂ ਦੌਰਾਨ ਇਹ ਮਸਲਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗਾ।
ਮੇਅਰ ਲੌਕ ਨੇ ਕਿਹਾ ਕਿ ਫਿਰੌਤੀਆਂ ਦੇ ਇਸ ਸੰਕਟ ਨੇ ਪਰਿਵਾਰਾਂ ਅਤੇ ਕਾਰੋਬਾਰਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ ਅਤੇ ਭਾਈਚਾਰਿਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਅਨੁਸਾਰ ਫੈਡਰਲ ਸਰਕਾਰ ਵੱਲੋਂ ਹਾਲ ਹੀ ਵਿੱਚ 20 ਵਾਧੂ ਆਰ.ਸੀ.ਐਮ.ਪੀ. ਅਧਿਕਾਰੀਆਂ ਦੀ ਤਾਇਨਾਤੀ ਵਰਗੇ ਕਦਮ ਚੁੱਕੇ ਗਏ ਹਨ, ਪਰ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਇਹ ਉਪਰਾਲੇ ਕਾਫ਼ੀ ਨਹੀਂ ਹਨ। ਮੇਅਰ ਨੇ ਇਸ ਸਥਿਤੀ ਨੂੰ “ਰਾਸ਼ਟਰੀ ਐਮਰਜੈਂਸੀ” ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਪੱਧਰ ’ਤੇ ਇੱਕ ਵਿਸ਼ੇਸ਼ ਕਮਿਸ਼ਨਰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ, ਜੋ ਜਬਰਨ ਵਸੂਲੀ ਅਤੇ ਸੰਗਠਿਤ ਅਪਰਾਧ ਵਿਰੁੱਧ ਕਾਰਵਾਈ ਨੂੰ ਸੰਜੋ ਸਕੇ। ਇਸ ਦੇ ਨਾਲ ਹੀ ਸਰੀ ਲਈ ਤੁਰੰਤ ਹੋਰ ਆਰ.ਸੀ.ਐਮ.ਪੀ. ਅਧਿਕਾਰੀਆਂ ਅਤੇ ਇੰਟੈਲੀਜੈਂਸ ਸਰੋਤ ਮੁਹੱਈਆ ਕਰਵਾਉਣ, ਸਾਂਝੀ ਫੈਡਰਲ-ਸੂਬਾਈ ਟਾਸਕ ਫੋਰਸ ਬਣਾਉਣ ਅਤੇ ਮੌਜੂਦਾ ਕਾਨੂੰਨਾਂ ਦੀ ਸਮੀਖਿਆ ਕਰਨ ਦੀ ਮੰਗ ਵੀ ਕੀਤੀ ਗਈ ਹੈ।
ਮੇਅਰ ਲੌਕ ਨੇ ਖ਼ਾਸ ਤੌਰ ’ਤੇ ਕਿਹਾ ਕਿ ਜਬਰਨ ਵਸੂਲੀ ਜਾਂ ਹਥਿਆਰਾਂ ਨਾਲ ਸਬੰਧਿਤ ਅਪਰਾਧਾਂ ਵਿੱਚ ਦੋਸ਼ੀ ਪਾਏ ਜਾਣ ਵਾਲੇ ਗੈਰ-ਨਾਗਰਿਕਾਂ ਨੂੰ ਬਿਨਾਂ ਦੇਰੀ ਦੇ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਇਸ ਸੰਕਟ ਨਾਲ ਨਜਿੱਠਣ ਲਈ ਕੀਤੀ ਜਾ ਰਹੀ ਪ੍ਰਗਤੀ ਬਾਰੇ ਹਰ ਤਿਮਾਹੀ ਜਨਤਕ ਰਿਪੋਰਟ ਜਾਰੀ ਹੋਣੀ ਚਾਹੀਦੀ ਹੈ।
ਮੇਅਰ ਨੇ ਕਿਹਾ ਕਿ ਭਾਵੇਂ ਤਿੰਨ ਸਾਲਾਂ ਬਾਅਦ ਹੁਣ ਸਰਕਾਰਾਂ ਵੱਲੋਂ ਕੁਝ ਕਦਮ ਚੁੱਕੇ ਜਾ ਰਹੇ ਹਨ, ਪਰ ਖਤਰਾ ਅਜੇ ਵੀ ਬਰਕਰਾਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਗਠਿਤ ਅਪਰਾਧ ਨੂੰ ਸਰੀ ਦੇ ਵਪਾਰੀਆਂ ਅਤੇ ਨਿਵਾਸੀਆਂ ਨੂੰ ਧਮਕਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਓਟਾਵਾ ਦੌਰੇ ਦੌਰਾਨ ਮੇਅਰ ਬਰੈਂਡਾ ਲੌਕ ‘ਬਿਗ ਸਿਟੀ ਮੇਅਰਜ਼ ਕਾਕਸ’ ਦੀ ਮੀਟਿੰਗ ਵਿੱਚ ਵੀ ਸ਼ਮੂਲੀਅਤ ਕਰਨਗੇ, ਜਿੱਥੇ ਦੇਸ਼ ਦੇ ਵੱਡੇ ਸ਼ਹਿਰਾਂ ਦੇ ਮੇਅਰ ਰਾਸ਼ਟਰੀ ਚੁਣੌਤੀਆਂ ਅਤੇ ਸ਼ਹਿਰੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਗੇ।
















