ਰਾਵੀ ਦਰਿਆ ਉਤੇ ਬਣੇ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ ਦਾ ਮੁਕੰਮਲ
ਚੰਡੀਗੜ੍ਹ-25 ਸਾਲ ਪਹਿਲਾਂ ਬਣੇ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ’ਚ ਆਉਂਦੇ ਰਾਵੀ ਦਰਿਆ ’ਤੇ 600 ਮੈਗਾਵਾਟ ਬਿਜਲੀ ਸਮਰਥਾ ਵਾਲੇ ਰਣਜੀਤ ਸਾਗਰ ਡੈਮ ਤੋਂ 11 ਕਿਲੋਮੀਟਰ ਹੇਠਾਂ ਵਲ, ਸ਼ਾਹਪੁਰ ਕੰਢੀ ਡੈਮ ਦੀ ਉਸਾਰੀ ਅਤੇ ਹੋਰ ਸਬੰਧਤ ਕੰਮ ਸਿਰੇ ਚੜ੍ਹ ਗਏ ਹਨ ਪਰ ਬਿਜਲੀ ਉਤਪਾਦਨ ਲਈ ਜਨਰੇਟਰ ਤੇ ਵੱਡੀਆਂ ਮਸੀਨਾਂ ਦੀ ਸਥਾਪਤੀ ਦਾ ਵੱਡਾ ਤਕਨੀਕੀ ਕੰਮ ਅਗਲੇ ਸਾਲ ਸਤੰਬਰ-ਅਕਤੂਬਰ ਤਕ ਪੂਰਾ ਹੋਵੇਗਾ। ਜਾਣਕਾਰੀ ਮੁਤਾਬਕ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ ’ਚ ਲੱਗੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਪੰਜਾਬ ਦੇ 1985-86 ਦੌਰਾਨ ਰਹੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਮੌਕੇ ਰਾਵੀ ਦਰਿਆ ’ਤੇ ਪਹਿਲਾਂ ਥੀਨ ਡੈਮ, ਜਿਸਦਾ ਨਾਮ ਬਾਅਦ ’ਚ ਰਣਜੀਤ ਸਾਗਰ ਡੈਮ ਰਖਿਆ ਗਿਆ, ਦੀ ਉਸਾਰੀ ਅਤੇ ਫਿਰ ਸ਼ਾਹਪੁਰ ਕੰਢੀ ਡੈਮ ਦਾ ਨਕਸ਼ਾ ਤਿਆਰ ਕੀਤਾ ਗਿਆ ਸੀ। ਇਸ ਡੈਮ ਦੀ ਉਸਾਰੀ ਸਬੰਧੀ ਪਹਿਲਾਂ 892 ਕਰੋੜ ਦਾ ਅੰਦਾਜ਼ਾ ਫਿਰ ਦੇਰੀ ਹੋਣ ਕਾਰਨ ਵਧਾ ਕੇ 1400 ਕਰੋੜ ਫਿਰ 2285 ਕਰੋੜ ਤੇ 2715 ਕਰੋੜ ਤੇ ਹੁਣ 3394 ਕਰੋੜ ਦੀ ਕੁੱਲ ਰਕਮ ਲੱਗੇਗੀ। ਸੀਨੀਅਰ ਅਧਿਕਾਰੀ ਨੇ ਦਸਿਆ ਕਿ 1999 ’ਚ ਰਣਜੀਤ ਸਾਗਰ ਡੈਮ ਦੀ ਮਸ਼ੀਨਰੀ ਤੇ ਤਜੁਰਬੇਕਾਰ ਕਾਮਿਆਂ ਤੇ ਇੰਜੀਨੀਅਰਾਂ ਨੇ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ, 2013 ਵਿਚ ਪੰਜਾਬ ਦੇ ਸਿੰਚਾਈ ਵਿਭਾਗ ਨੇ ਫ਼ਰਵਰੀ 2008 ’ਚ ਕੇਂਦਰ ਵਲੋਂ ਐਲਾਨੇ ਇਸ ਕੇਂਦਰੀ ਪ੍ਰਾਜੈਕਟ ’ਤੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿਤਾ। ਕਾਮਿਆਂ ਤੇ ਇੰਜੀਨੀਅਰਾਂ ਨੇ 3 ਵੱਡੀਆਂ ਰੋਕਾਂ ਨੂੰ ਪਾਰ ਕੀਤਾ। ਪਹਿਲੀ ਅੜਚਨ 2013-14 ’ਚ ਆਈ। ਜੋ ਕਿ ਜੰਮੂ ਕਸ਼ਮੀਰ ਸਰਕਾਰ ਵਲੋਂ ਡੈਮ ਦੀ ਉਚਾਈ ’ਤੇ ਝੀਲ ਹੇਠ ਆਉਂਦੇ ਰਕਬੇ ਨੂੰ ਲੈ ਕੇ ਸੀ ਅਤੇ ਮੀਟਿੰਗ ਬਾਅਦ ਦੋ ਢਾਈ ਸਾਲ ਰੁਕੇ ਕੰਮ ਨੂੰ ਫਿਰ ਸ਼ੁਰੂ ਕੀਤਾ। ਇਸ ਤੋਂ ਇਲਾਵਾ ਜੰਮੂ ਇਲਾਕੇ ਦੇ ਕਠੂਆ ਤੇ ਸਾਂਬਾ ਏਰੀਆ ’ਚ 32173 ਹੈਕਟੇਅਰ ਜ਼ਮੀਨ ਨੂੰ ਨਹਿਰ ਰਾਹੀਂ ਸਿੰਚਾਈ ਲਈ ਪਾਣੀ ਮਿਲੇਗਾ ਅਤੇ ਹਿੱਸੇ ’ਚੋਂ 20 ਫ਼ੀ ਸਦੀ ਬਿਜਲੀ ਵੀ ਮਿਲੇਗੀ। ਪੰਜਾਬ ’ਚ 5000 ਹੈਕਟੇਅਰ ਜ਼ਮੀਨ ਨੂੰ ਨਹਿਰਾਂ ਰਾਹੀਂ ਪਠਾਨਕੋਟ, ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਨੂੰ ਸਿੰਚਾਈ ਵਾਸਤੇ ਪਾਣੀ ਮਿਲੇਗਾ। ਇਥੇ ਇਹ ਵੀ ਦੱਸਣਾ ਬਣਾ ਹੈ ਕਿ ਪਿਛਲੇ 2 ਸਾਲ ਤੋਂ ਪੰਜਾਬ ਸਰਕਾਰ ਦੇ ਮੰਤਰੀ, ਅਧਿਕਾਰੀ ਤੇ ਸਿਆਸੀ ਨੇਤਾ ਚਾਹੁੰਦੇ ਹਨ ਕਿ 2027 ਚੋਣਾਂ ਤੋਂ ਪਹਿਲਾਂ ਇਸ ਪ੍ਰਾਜੈਕਟ ਦਾ ਉਦਘਾਟਨ ਕਰ ਕੇ ਲਾਹਾ ਲੈ ਲੈਣ।
















