ਰੋਮ-ਭਾਰਤ ਅਤੇ ਇਟਲੀ ਦੇ ਰਿਸ਼ਤੇ ਹੁਣ ਨਵੇਂ ਦੌਰ ਵਿੱਚ ਦਾਖ਼ਲ ਹੋ ਚੁੱਕੇ ਹਨ। ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਰੋਮ ਵਿੱਚ ਹੋਈ ਅਹਿਮ ਮੁਲਾਕਾਤ ਤੋਂ ਬਾਅਦ ਦੋਵੇਂ ਦੇਸ਼ਾਂ ਨੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਐਲਾਨ ਕੀਤਾ ਹੈ। ਮੇਲੋਨੀ ਨੇ ਕਿਹਾ ਕਿ ਭਾਰਤ-ਇਟਲੀ ਦੇ ਰਿਸ਼ਤੇ ਹੁਣ “ਸਿਰਫ਼ ਦੋਸਤੀ ਤੋਂ ਅੱਗੇ ਵਧ ਕੇ ਵਿਸ਼ੇਸ਼ ਰਣਨੀਤਿਕ ਭਾਈਚਾਰੇ” ਵਿੱਚ ਤਬਦੀਲ ਹੋ ਗਏ ਹਨ।
ਰੋਮ ਦੇ ਇਤਿਹਾਸਕ ਕੋਲੋਸੀਅਮ ਕੋਲ ਹੋਈ ਇਸ ਮੁਲਾਕਾਤ ਦੌਰਾਨ ਦੋਵੇਂ ਆਗੂਆਂ ਨੇ ਵਪਾਰ, ਰੱਖਿਆ, ਆਰਟੀਫ਼ਿਸ਼ਲ ਇੰਟੈਲੀਜੈਂਸ, ਕਵਾਂਟਮ ਕੰਪਿਊਟਿੰਗ ਅਤੇ ਤਕਨਾਲੋਜੀ ਖੇਤਰ ਵਿੱਚ ਸਾਂਝ ਵਧਾਉਣ ’ਤੇ ਜ਼ੋਰ ਦਿੱਤਾ। ਮੋਦੀ ਦੇ ਪੰਜ ਦੇਸ਼ਾਂ ਦੇ ਯੂਰਪੀ ਦੌਰੇ ਦਾ ਇਹ ਆਖ਼ਰੀ ਪੜਾਅ ਸੀ। ਇਸ ਤੋਂ ਪਹਿਲਾਂ ਉਹ ਨਾਰਵੇ, ਸਵੀਡਨ, ਨੀਦਰਲੈਂਡ ਅਤੇ ਯੂਏਈ ਦਾ ਦੌਰਾ ਕਰ ਚੁੱਕੇ ਹਨ।
ਦੋਵੇਂ ਆਗੂਆਂ ਨੇ ਇਕ ਸਾਂਝਾ ਲੇਖ ਵੀ ਲਿਖਿਆ, ਜਿਸ ਵਿੱਚ “ਇੰਡੋ-ਮੈਡੀਟਰੇਨੀਅਨ ਕੌਰੀਡੋਰ” ਦੀ ਵਿਆਖਿਆ ਕੀਤੀ ਗਈ। ਇਹ ਕੌਰੀਡੋਰ ਭਾਰਤੀ ਮਹਾਂਸਾਗਰ ਨੂੰ ਯੂਰਪ ਨਾਲ ਜੋੜਨ ਵਾਲਾ ਮਹੱਤਵਪੂਰਨ ਰਣਨੀਤਿਕ ਅਤੇ ਆਰਥਿਕ ਰਸਤਾ ਮੰਨਿਆ ਜਾ ਰਿਹਾ ਹੈ। ਇਸ ਵਿੱਚ ਵਪਾਰ, ਊਰਜਾ, ਡਾਟਾ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਨਵੀਆਂ ਸੰਭਾਵਨਾਵਾਂ ਉਭਰਨ ਦੀ ਉਮੀਦ ਜਤਾਈ ਗਈ ਹੈ।
ਮੇਲੋਨੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਦੋਵੇਂ ਦੇਸ਼ ਆਜ਼ਾਦੀ, ਲੋਕਤੰਤਰ ਅਤੇ ਭਵਿੱਖ ਲਈ ਸਾਂਝੀ ਸੋਚ ਦੇ ਆਧਾਰ ’ਤੇ ਅੱਗੇ ਵੱਧ ਰਹੇ ਹਨ। ਉਨ੍ਹਾਂ ਨੇ ਭਾਰਤੀ ਵਿਚਾਰਧਾਰਾ “ਵਸੁਧੈਵ ਕੁਟੁੰਬਕਮ” ਅਤੇ ਇਟਲੀ ਦੀ ਮਨੁੱਖਤਾਵਾਦੀ ਵਿਰਾਸਤ ਦਾ ਵੀ ਜ਼ਿਕਰ ਕੀਤਾ।ਇਸ ਉੱਚ ਪੱਧਰੀ ਕੂਟਨੀਤਿਕ ਮੁਲਾਕਾਤ ਵਿਚਕਾਰ ਇਕ ਹਲਕਾ-ਫੁਲਕਾ ਪਲ ਵੀ ਦੇਖਣ ਨੂੰ ਮਿਲਿਆ। ਪ੍ਰਧਾਨ ਮੰਤਰੀ ਮੋਦੀ ਵੱਲੋਂ ਮੇਲੋਨੀ ਨੂੰ ਭਾਰਤੀ ਟੌਫ਼ੀ “ਮੈਲੋਡੀ” ਤੋਹਫ਼ੇ ਵਜੋਂ ਦਿੱਤੀ ਗਈ। ਮੇਲੋਨੀ ਨੇ ਇਸਦਾ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ, ਜਿਸ ਵਿੱਚ ਦੋਵੇਂ ਆਗੂ ਹੱਸਦੇ ਨਜ਼ਰ ਆਏ। “ਮੈਲੋਡੀ” ਹੈਸ਼ਟੈਗ ਦੁਬਾਰਾ ਇੰਟਰਨੈੱਟ ’ਤੇ ਚਰਚਾ ਦਾ ਕੇਂਦਰ ਬਣ ਗਿਆ।