ਪੈਸਿਫਿਕ ਲਿੰਕ ਪਾਈਪਲਾਈਨ ਨੂੰ ‘ਕੌਮੀ ਹਿੱਤ’ ਪ੍ਰਾਜੈਕਟ ਵਜੋਂ ਮਿਲੀ ਮਨਜ਼ੂਰੀ
Canada’s federal government has officially designated the proposed Pacific Link pipeline from Alberta to British Columbia as a project of “national interest.
ਓਟਾਵਾ-ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੇ ਅਲਬਰਟਾ ਤੋਂ ਬ੍ਰਿਟਿਸ਼ ਕੋਲੰਬੀਆ ਦੇ ਪੱਛਮੀ ਤੱਟ ਤੱਕ ਬਣਨ ਵਾਲੀ ਨਵੀਂ ਪਾਈਪਲਾਈਨ ਨੂੰ ‘ਕੌਮੀ ਹਿੱਤ’ ਵਾਲਾ ਪ੍ਰਾਜੈਕਟ ਐਲਾਨ ਦਿੱਤਾ ਹੈ। ‘ਪੈਸਿਫਿਕ ਲਿੰਕ’ ਨਾਂਅ ਵਾਲੀ ਇਸ ਪਾਈਪਲਾਈਨ ਰਾਹੀਂ ਹਰ ਰੋਜ਼ ਲਗਭਗ 10 ਲੱਖ ਬੈਰਲ ਕੱਚਾ ਤੇਲ ਏਸ਼ੀਆਈ ਬਾਜ਼ਾਰਾਂ ਤੱਕ ਪਹੁੰਚਾਉਣ ਦੀ ਯੋਜਨਾ ਹੈ।
ਪ੍ਰਧਾਨ ਮੰਤਰੀ ਕਾਰਨੀ ਨੇ ਫੋਰਟ ਮੈਕਮਰੇ ਵਿਖੇ ਐਲਾਨ ਕਰਦਿਆਂ ਕਿਹਾ ਕਿ ਦੁਨੀਆ ਊਰਜਾ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਹੈ ਅਤੇ ਕੈਨੇਡਾ ਨੂੰ ਭਰੋਸੇਯੋਗ ਊਰਜਾ ਸਪਲਾਇਰ ਵਜੋਂ ਆਪਣੀ ਭੂਮਿਕਾ ਮਜ਼ਬੂਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਤੇਲ ਦੀ ਮੰਗ ਆਉਣ ਵਾਲੇ ਦਹਾਕਿਆਂ ਤੱਕ ਮਹੱਤਵਪੂਰਨ ਰਹਿਣ ਦੀ ਉਮੀਦ ਹੈ।
‘ਕੌਮੀ ਹਿੱਤ’ ਵਾਲਾ ਦਰਜਾ ਮਿਲਣ ਤੋਂ ਬਾਅਦ ਪ੍ਰਾਜੈਕਟ ਫੈਡਰਲ ਸਰਕਾਰ ਦੇ ਮੇਜਰ ਪ੍ਰਾਜੈਕਟਸ ਦਫ਼ਤਰ ਦੇ ਅਧੀਨ ਆਵੇਗਾ, ਜਿਸ ਦਾ ਉਦੇਸ਼ ਵੱਡੇ ਆਰਥਿਕ ਪ੍ਰਾਜੈਕਟਾਂ ਲਈ ਮਨਜ਼ੂਰੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ। ਹਾਲਾਂਕਿ ਪਾਈਪਲਾਈਨ ਨੂੰ ਅਜੇ ਰੈਗੂਲੇਟਰੀ ਸਮੀਖਿਆ ਅਤੇ ਕੈਨੇਡਾ ਐਨਰਜੀ ਰੈਗੂਲੇਟਰ ਦੀਆਂ ਜਨਤਕ ਸੁਣਵਾਈਆਂ ਵਿੱਚੋਂ ਲੰਘਣਾ ਪਵੇਗਾ।
ਸਰਕਾਰ ਵੱਲੋਂ ਪ੍ਰਾਜੈਕਟ ਲਈ ਸ਼ਰਤਾਂ ਵਾਲਾ ਦਸਤਾਵੇਜ਼ 1 ਸਤੰਬਰ 2027 ਤੱਕ ਜਾਰੀ ਕੀਤੇ ਜਾਣ ਦੀ ਉਮੀਦ ਹੈ। ਪਾਈਪਲਾਈਨ ਅਲਬਰਟਾ ਦੇ ਬਰੂਡਰਹਾਈਮ ਤੋਂ ਡੈਲਟਾ, ਬੀ.ਸੀ. ਨੇੜੇ ਡੂੰਘੇ ਪਾਣੀ ਵਾਲੀ ਬੰਦਰਗਾਹ ਤੱਕ ਲਗਭਗ 1,250 ਕਿਲੋਮੀਟਰ ਲੰਬੀ ਹੋਵੇਗੀ।
ਇਸ ਰਾਹੀਂ ਭੇਜਿਆ ਜਾਣ ਵਾਲਾ ਤੇਲ ਵੱਡੇ ਟੈਂਕਰਾਂ ਰਾਹੀਂ ਏਸ਼ੀਆਈ ਬਾਜ਼ਾਰਾਂ ਨੂੰ ਨਿਰਯਾਤ ਕੀਤਾ ਜਾਵੇਗਾ। ਪ੍ਰਾਜੈਕਟ ਦੀ ਮਲਕੀਅਤ ਟ੍ਰਾਂਸ ਮਾਊਂਟੇਨ ਕਾਰਪੋਰੇਸ਼ਨ, ਅਲਬਰਟਾ ਪੈਟਰੋਲੀਅਮ ਮਾਰਕੀਟਿੰਗ ਕਮਿਸ਼ਨ ਅਤੇ ਪੈਮਬੀਨਾ ਪਾਈਪਲਾਈਨ ਕਾਰਪੋਰੇਸ਼ਨ ਵੱਲੋਂ ਸਾਂਝੇ ਤੌਰ ’ਤੇ ਹੋਣ ਦੀ ਉਮੀਦ ਹੈ। ਪਾਈਪਲਾਈਨ ਵਿੱਚ ਘੱਟੋ-ਘੱਟ 10 ਫ਼ੀਸਦੀ ਹਿੱਸੇਦਾਰੀ ਸਵਦੇਸ਼ੀ ਭਾਈਚਾਰਿਆਂ ਲਈ ਰੱਖੀ ਜਾਵੇਗੀ।
ਸਰਕਾਰ ਦਾ ਕਹਿਣਾ ਹੈ ਕਿ ਪ੍ਰਾਜੈਕਟ ਨਾਲ ਅਲਬਰਟਾ ਦੇ ਤੇਲ ਲਈ ਏਸ਼ੀਆਈ ਬਾਜ਼ਾਰਾਂ ਤੱਕ ਪਹੁੰਚ ਵਧੇਗੀ ਅਤੇ ਅਮਰੀਕੀ ਬਾਜ਼ਾਰ ’ਤੇ ਨਿਰਭਰਤਾ ਘਟੇਗੀ। ਇਸ ਸਮੇਂ ਅਲਬਰਟਾ ਦਾ ਲਗਭਗ 90 ਫ਼ੀਸਦੀ ਤੇਲ ਅਮਰੀਕਾ ਨੂੰ ਜਾਂਦਾ ਹੈ।
ਵਿਰੋਧੀ ਧਿਰਾਂ ਨੇ ਪ੍ਰਾਜੈਕਟ ਨੂੰ ਲੈ ਕੇ ਵੱਖ-ਵੱਖ ਰੁਖ਼ ਪੇਸ਼ ਕੀਤੇ ਹਨ। ਐਨ.ਡੀ.ਪੀ. ਆਗੂ ਐਵੀ ਲੂਇਸ ਨੇ ਵਾਤਾਵਰਣ ਸੁਰੱਖਿਆ ਅਤੇ ਸਵਦੇਸ਼ੀ ਲੋਕਾਂ ਨਾਲ ਸਲਾਹ-ਮਸ਼ਵਰੇ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕੀਤੀ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਨੇ ਪਾਈਪਲਾਈਨ ਬਣਾਉਣ ਦੀ ਹਮਾਇਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਐਲਾਨ ਤੋਂ ਅੱਗੇ ਵਧ ਕੇ ਇਸ ਨੂੰ ਤੇਜ਼ੀ ਨਾਲ ਲਾਗੂ ਕਰਨਾ ਚਾਹੀਦਾ ਹੈ।
ਉਦਯੋਗ ਮਾਹਿਰਾਂ ਮੁਤਾਬਕ ਇਹ ਪ੍ਰਾਜੈਕਟ ਕੈਨੇਡਾ ਦੀ ਵੱਡੇ ਪੱਧਰ ਦੇ ਬੁਨਿਆਦੀ ਢਾਂਚੇ ਵਾਲੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੀ ਸਮਰੱਥਾ ਲਈ ਇੱਕ ਵੱਡੀ ਪਰਖ ਹੋਵੇਗਾ। ਸਰਕਾਰ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਸਮੁੰਦਰੀ ਸੁਰੱਖਿਆ ਪ੍ਰਾਜੈਕਟਾਂ ਲਈ 1.2 ਅਰਬ ਡਾਲਰ ਦੇਣ ਦਾ ਵੀ ਐਲਾਨ ਕੀਤਾ ਹੈ।
















