ਕੈਲਗਰੀ ‘ਚ ਨਵਾਂ ‘ਕਾਸਾ ਹਾਊਸ’ ਬਣਨਾ ਸ਼ੁਰੂ, ਨੌਜਵਾਨਾਂ ਨੂੰ ਮਿਲੇਗੀ ਮਾਨਸਿਕ ਸਿਹਤ ਸਹਾਇਤਾ

ਕੈਲਗਰੀ ‘ਚ ਨਵਾਂ ‘ਕਾਸਾ ਹਾਊਸ’ ਬਣਨਾ ਸ਼ੁਰੂ, ਨੌਜਵਾਨਾਂ ਨੂੰ ਮਿਲੇਗੀ ਮਾਨਸਿਕ ਸਿਹਤ ਸਹਾਇਤਾ

ਕੈਲਗਰੀ-ਕਾਸਾ ਮੈਂਟਲ ਹੈਲਥ ਅਤੇ ਅਲਬਰਟਾ ਸਰਕਾਰ ਵੱਲੋਂ ਕੈਲਗਰੀ ਵਿੱਚ ਬੱਚਿਆਂ ਅਤੇ ਨੌਜਵਾਨਾਂ ਲਈ ਖਾਸ ਮਾਨਸਿਕ ਸਿਹਤ ਕੇਂਦਰ “ਕਾਸਾ ਹਾਊਸ” ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕੇਂਦਰ ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਗ੍ਰੇਡ 7 ਤੋਂ 12 ਤੱਕ ਦੇ ਵਿਦਿਆਰਥੀਆਂ ਨੂੰ ਰਿਹਾਇਸ਼ੀ ਅਤੇ ਦਿਨ ਦੌਰਾਨ ਇਲਾਜ ਸਹੂਲਤਾਂ ਪ੍ਰਦਾਨ ਕਰੇਗਾ।

ਅਲਬਰਟਾ ਦੇ ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਮੰਤਰੀ ਰਿਕ ਵਿਲਸਨ ਨੇ ਕਿਹਾ ਕਿ ਹਰ ਨੌਜਵਾਨ ਨੂੰ ਬਿਹਤਰ ਜੀਵਨ ਜੀਣ ਦਾ ਹੱਕ ਹੈ ਅਤੇ ਇਹ ਪ੍ਰੋਜੈਕਟ ਉਸ ਦਿਸ਼ਾ ਵਿੱਚ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਸਹੀ ਸਮੇਂ ‘ਤੇ ਸਹੀ ਥਾਂ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ।20 ਬਿਸਤਿਆਂ ਵਾਲਾ ਇਹ ਕੇਂਦਰ 2027 ਦੇ ਅੰਤ ਤੱਕ ਰੈਫਰਲ ਲੈਣਾ ਸ਼ੁਰੂ ਕਰ ਸਕਦਾ ਹੈ। ਇਸ ਰਾਹੀਂ ਹਰ ਸਾਲ ਕਰੀਬ 80 ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਦਦ ਮਿਲੇਗੀ। ਇੱਥੇ ਲਗਭਗ 40 ਕਰਮਚਾਰੀ ਤਾਇਨਾਤ ਹੋਣਗੇ, ਜਿਨ੍ਹਾਂ ਵਿੱਚ ਮਾਨਸਿਕ ਸਿਹਤ ਮਾਹਿਰ, ਨਰਸਾਂ, ਮਨੋਚਿਕਿਤਸਕ, ਵਿਹਾਰ ਮਾਹਿਰ ਅਤੇ ਹੋਰ ਸਹਾਇਕ ਸਟਾਫ ਸ਼ਾਮਲ ਹੋਵੇਗਾ।

ਬੋਨੀ ਬਲੇਕਲੀ ਨੇ ਕਿਹਾ ਕਿ ਅਲਬਰਟਾ ਵਿੱਚ ਨੌਜਵਾਨਾਂ ਲਈ ਮਾਨਸਿਕ ਸਿਹਤ ਇਲਾਜ ਦੀ ਲੋੜ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਨਵੇਂ ਕਾਸਾ ਹਾਊਸ ਰਾਹੀਂ ਹੋਰ ਪਰਿਵਾਰਾਂ ਤੱਕ ਇਲਾਜ ਅਤੇ ਥੈਰਪੀ ਸੇਵਾਵਾਂ ਪਹੁੰਚਣਗੀਆਂ।

ਇਸ ਦੌਰਾਨ ਜਿੱਲ ਓਲਿਵਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੇ 13 ਸਾਲ ਦੀ ਉਮਰ ਵਿੱਚ ਕਾਸਾ ਹਾਊਸ ਤੋਂ ਇਲਾਜ ਲਿਆ ਸੀ ਅਤੇ ਹੁਣ ਉਹ ਕਾਫੀ ਬਿਹਤਰ ਜੀਵਨ ਜੀ ਰਹੇ ਹਨ। ਉਨ੍ਹਾਂ ਕਿਹਾ ਕਿ ਨਵਾਂ ਕੇਂਦਰ ਕਈ ਹੋਰ ਪਰਿਵਾਰਾਂ ਲਈ ਆਸ ਬਣੇਗਾ।ਕੈਲਗਰੀ ਦਾ ਇਹ ਕਾਸਾ ਹਾਊਸ ਦੋ ਮੰਜ਼ਿਲਾ ਇਮਾਰਤ ਹੋਵੇਗੀ ਜਿਸ ਦਾ ਖੇਤਰਫਲ 3,200 ਵਰਗ ਮੀਟਰ ਤੋਂ ਵੱਧ ਹੋਵੇਗਾ। ਇਹ ਸੈਂਟਰ ਸਟੋਨੀ ਉਦਯੋਗਿਕ ਕਾਰੋਬਾਰੀ ਪਾਰਕ ਦੇ “ਦ ਡਿਸਟ੍ਰਿਕਟ” ਖੇਤਰ ਵਿੱਚ ਤਿਆਰ ਕੀਤਾ ਜਾ ਰਿਹਾ ਹੈ।

ਅਲਬਰਟਾ ਸਰਕਾਰ ਵੱਲੋਂ ਸੂਬੇ ਵਿੱਚ ਚਾਰ ਕਾਸਾ ਹਾਊਸ ਬਣਾਉਣ ਲਈ ਲਗਭਗ 75 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਵੇਲੇ ਇੱਕ ਕਾਸਾ ਹਾਊਸ ਸ਼ੇਰਵੁਡ ਪਾਰਕ ਵਿੱਚ ਚੱਲ ਰਿਹਾ ਹੈ, ਜਦਕਿ ਕੈਲਗਰੀ, ਫੋਰਟ ਮੈਕਮਰੀ ਅਤੇ ਮੈਡੀਸਨ ਹੈਟ ਵਿੱਚ ਹੋਰ ਕੇਂਦਰ ਬਣਾਏ ਜਾ ਰਹੇ ਹਨ। ਸਰਕਾਰ ਅਨੁਸਾਰ ਚਾਰੇ ਕੇਂਦਰ ਪੂਰੀ ਤਰ੍ਹਾਂ ਚਾਲੂ ਹੋਣ ਤੋਂ ਬਾਅਦ ਹਰ ਸਾਲ 300 ਤੋਂ ਵੱਧ ਨੌਜਵਾਨਾਂ ਨੂੰ ਮਾਨਸਿਕ ਸਿਹਤ ਸਹਾਇਤਾ ਮਿਲੇਗੀ।