ਆਨਲਾਈਨ ਪ੍ਰੇਮ ਜਾਲ ਵਿੱਚ ਫਸ ਕੇ ਬਜ਼ੁਰਗ ਮਹਿਲਾ ਨੇ ਗੁਆਏ 60 ਹਜ਼ਾਰ ਡਾਲਰ ਤੋਂ ਵੱਧ

ਆਨਲਾਈਨ ਪ੍ਰੇਮ ਜਾਲ ਵਿੱਚ ਫਸ ਕੇ ਬਜ਼ੁਰਗ ਮਹਿਲਾ ਨੇ ਗੁਆਏ 60 ਹਜ਼ਾਰ ਡਾਲਰ ਤੋਂ ਵੱਧ

ਵੈਨਕੂਵਰ-ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮੌਕੇ ਬ੍ਰਿਟਿਸ਼ ਕੋਲੰਬੀਆ ਦੀ ਇੱਕ ਬਜ਼ੁਰਗ ਮਹਿਲਾ ਨੇ ਆਨਲਾਈਨ ਪ੍ਰੇਮ ਜਾਲ ਵਿੱਚ ਫਸ ਕੇ 60 ਹਜ਼ਾਰ ਡਾਲਰ ਤੋਂ ਵੱਧ ਦੀ ਠੱਗੀ ਦਾ ਸ਼ਿਕਾਰ ਹੋਣ ਦੀ ਆਪਣੀ ਦਰਦਨਾਕ ਕਹਾਣੀ ਸਾਂਝੀ ਕੀਤੀ ਹੈ। ਮਹਿਲਾ ਨੇ ਹੋਰਨਾਂ ਬਜ਼ੁਰਗਾਂ ਨੂੰ ਅਜਿਹੀਆਂ ਧੋਖਾਧੜੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।ਸ਼ੈਰਨ ਬਲੇਕਬਰੋ ਨੇ ਦੱਸਿਆ ਕਿ ਪਤੀ ਨਾਲ ਅਲੱਗ ਹੋਣ ਤੋਂ ਬਾਅਦ ਉਸ ਦੀ ਇੰਟਰਨੈੱਟ ਰਾਹੀਂ ਇੱਕ ਵਿਅਕਤੀ ਨਾਲ ਜਾਣ-ਪਛਾਣ ਹੋਈ, ਜਿਸ ਨੇ ਆਪਣਾ ਨਾਮ ਡੇਵਿਡ ਥਾਮਸਨ ਦੱਸਿਆ। ਉਸ ਨੇ ਆਪਣੇ ਆਪ ਨੂੰ ਫੌਜ ਵਿੱਚ ਡਾਕਟਰ ਵਜੋਂ ਕੰਮ ਕਰਨ ਵਾਲਾ ਅਤੇ ਇੱਕ ਪੁੱਤਰ ਦਾ ਪਿਤਾ ਦੱਸ ਕੇ ਮਹਿਲਾ ਦਾ ਭਰੋਸਾ ਜਿੱਤ ਲਿਆ।

ਬਲੇਕਬਰੋ ਮੁਤਾਬਕ ਸ਼ੁਰੂ ਵਿੱਚ ਉਹ ਵਿਅਕਤੀ ਬਹੁਤ ਨਿਮਰ, ਪਿਆਰ ਕਰਨ ਵਾਲਾ ਅਤੇ ਹਮਦਰਦ ਲੱਗਦਾ ਸੀ, ਪਰ ਕੁਝ ਸਮੇਂ ਬਾਅਦ ਉਸ ਨੇ ਵੱਖ-ਵੱਖ ਬਹਾਨਿਆਂ ਨਾਲ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਕਦੇ ਦੋ ਹਜ਼ਾਰ ਡਾਲਰ, ਕਦੇ ਤਿੰਨ ਹਜ਼ਾਰ ਡਾਲਰ ਅਤੇ ਕਦੇ ਇਸ ਤੋਂ ਵੀ ਵੱਧ ਰਕਮ ਦੀ ਮੰਗ ਕੀਤੀ ਜਾਂਦੀ ਰਹੀ।ਉਨ੍ਹਾਂ ਦੱਸਿਆ ਕਿ ਪੈਸੇ ਭੇਜਣ ਲਈ ਉਨ੍ਹਾਂ ਨੇ ਬੈਂਕ ਤੋਂ ਪੰਜ ਹਜ਼ਾਰ ਡਾਲਰ ਦਾ ਕਰਜ਼ਾ ਵੀ ਲਿਆ ਅਤੇ ਹੋਰ ਲੋਕਾਂ ਤੋਂ ਵੀ ਪੈਸੇ ਉਧਾਰ ਲਏ। ਡੇਢ ਸਾਲ ਦੇ ਸਮੇਂ ਦੌਰਾਨ ਉਹ ਉਸ ਵਿਅਕਤੀ ਨੂੰ 60 ਹਜ਼ਾਰ ਡਾਲਰ ਤੋਂ ਵੱਧ ਭੇਜ ਚੁੱਕੀ ਸੀ।

ਪਰਿਵਾਰ ਵੱਲੋਂ ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਬਲੇਕਬਰੋ ਨੂੰ ਯਕੀਨ ਨਹੀਂ ਸੀ ਕਿ ਉਹ ਠੱਗੀ ਦਾ ਸ਼ਿਕਾਰ ਹੋ ਰਹੀ ਹੈ। ਆਖ਼ਰਕਾਰ ਜਦੋਂ ਉਸ ਨੇ ਉਸ ਵਿਅਕਤੀ ਨੂੰ ਹੋਪ ਸ਼ਹਿਰ ਆ ਕੇ ਮਿਲਣ ਲਈ ਹਜ਼ਾਰਾਂ ਡਾਲਰ ਭੇਜੇ ਅਤੇ ਉਹ ਕਦੇ ਨਹੀਂ ਆਇਆ, ਤਾਂ ਉਸ ਨੂੰ ਅਸਲੀਅਤ ਦਾ ਅਹਿਸਾਸ ਹੋਇਆ।ਮਹਿਲਾ ਨੇ ਕਿਹਾ ਕਿ ਇਸ ਧੋਖੇ ਨੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਬੁਰੀ ਤਰ੍ਹਾਂ ਤੋੜ ਦਿੱਤਾ। ਭਾਵਨਾਤਮਕ ਸਦਮੇ ਕਾਰਨ ਉਸ ਨੂੰ ਦਿਲ ਦਾ ਦੌਰਾ ਵੀ ਪਿਆ। ਉਸ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਮੂਰਖ ਸਮਝਣ ਲੱਗ ਪਈ ਸੀ ਅਤੇ ਲੰਬੇ ਸਮੇਂ ਤੱਕ ਤਣਾਅ ਅਤੇ ਪਛਤਾਵੇ ਨਾਲ ਜੂਝਦੀ ਰਹੀ।

ਸੰਸਥਾ Seniors First BC ਅਨੁਸਾਰ ਬ੍ਰਿਟਿਸ਼ ਕੋਲੰਬੀਆ ਵਿੱਚ ਬਜ਼ੁਰਗਾਂ ਨਾਲ ਦੁਰਵਿਵਹਾਰ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵਿੱਤੀ ਸ਼ੋਸ਼ਣ ਸਭ ਤੋਂ ਆਮ ਰੂਪ ਹੈ, ਪਰ ਇਸ ਵਿੱਚ ਸਰੀਰਕ ਅਤੇ ਮਾਨਸਿਕ ਦੁਰਵਿਵਹਾਰ, ਅਣਦੇਖੀ ਅਤੇ ਧੱਕੇਸ਼ਾਹੀ ਵੀ ਸ਼ਾਮਲ ਹਨ। ਕਈ ਵਾਰ ਇਹ ਦੁਰਵਿਵਹਾਰ ਪਰਿਵਾਰਕ ਮੈਂਬਰਾਂ, ਦੋਸਤਾਂ, ਗੁਆਂਢੀਆਂ ਜਾਂ ਦੇਖਭਾਲ ਕਰਨ ਵਾਲਿਆਂ ਵੱਲੋਂ ਵੀ ਕੀਤਾ ਜਾਂਦਾ ਹੈ।ਸੰਸਥਾ ਦੀ ਕਾਰਜਕਾਰੀ ਡਾਇਰੈਕਟਰ ਮੈਰੀ-ਨੋਏਲ ਕੈਂਪਬੈਲ ਨੇ ਕਿਹਾ ਕਿ ਬਜ਼ੁਰਗਾਂ ਦੀ ਮਦਦ ਲਈ ਚਲਾਈ ਜਾ ਰਹੀ ਜਾਣਕਾਰੀ ਲਾਈਨ ’ਤੇ ਆਉਣ ਵਾਲੀਆਂ ਸ਼ਿਕਾਇਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਵਧਦੀ ਬਜ਼ੁਰਗ ਆਬਾਦੀ ਅਤੇ ਠੱਗੀ ਦੇ ਹੋਰ ਜ਼ਿਆਦਾ ਚਲਾਕ ਤਰੀਕੇ ਇਸ ਦੇ ਮੁੱਖ ਕਾਰਨ ਹਨ।ਕੈਂਪਬੈਲ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਭਾਵਨਾਤਮਕ ਲਗਾਅ ਕਾਰਨ ਪੀੜਤ ਲੋਕ ਅਕਸਰ ਸ਼ਰਮ ਮਹਿਸੂਸ ਕਰਦੇ ਹਨ ਅਤੇ ਕਿਸੇ ਨਾਲ ਗੱਲ ਕਰਨ ਤੋਂ ਕਤਰਾਉਂਦੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਸਮੇਂ ਸਿਰ ਪਛਾਣ ਅਤੇ ਭਰੋਸੇਯੋਗ ਵਿਅਕਤੀ ਨਾਲ ਗੱਲਬਾਤ ਕਰਨਾ ਬਹੁਤ ਜ਼ਰੂਰੀ ਹੈ।

ਵਿੱਤੀ ਨੁਕਸਾਨ ਤੋਂ ਉਭਰਨ ਅਤੇ ਲੋਕਾਂ ’ਤੇ ਮੁੜ ਭਰੋਸਾ ਕਰਨ ਦੀ ਕੋਸ਼ਿਸ਼ ਕਰ ਰਹੀ ਬਲੇਕਬਰੋ ਨੇ ਹੋਰਨਾਂ ਲਈ ਸੁਨੇਹਾ ਦਿੱਤਾ ਕਿ ਜੇ ਕੋਈ ਆਨਲਾਈਨ ਜਾਣ-ਪਛਾਣ ਵਾਲਾ ਲਗਾਤਾਰ ਪੈਸੇ ਮੰਗੇ ਤਾਂ ਤੁਰੰਤ ਉਸ ਨਾਲ ਸੰਪਰਕ ਤੋੜ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ, “ਉਨ੍ਹਾਂ ਨੂੰ ਤੁਰੰਤ ਬਲਾਕ ਕਰ ਦਿਓ, ਕਿਉਂਕਿ ਉਹ ਤੁਹਾਡੀ ਭਲਾਈ ਨਹੀਂ, ਸਗੋਂ ਤੁਹਾਡੇ ਪੈਸਿਆਂ ਦੀ ਪਰਵਾਹ ਕਰਦੇ ਹਨ।”