ਐਡਮਿੰਟਨ ਗੁਰਦੁਆਰਾ ਸਾਹਿਬ ’ਚ ਹਮਲੇ ’ਤੇ WSO ਨੇ ਜਤਾਈ ਡੂੰਘੀ ਚਿੰਤਾ

ਐਡਮਿੰਟਨ ਗੁਰਦੁਆਰਾ ਸਾਹਿਬ ’ਚ ਹਮਲੇ ’ਤੇ WSO ਨੇ ਜਤਾਈ ਡੂੰਘੀ ਚਿੰਤਾ

ਐਡਮਿੰਟਨ-ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ (WSO) ਨੇ ਐਡਮਿੰਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਹੋਏ ਹਿੰਸਕ ਹਮਲੇ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਹਮਲੇ ਵਿੱਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ। WSO ਮੁਤਾਬਕ ਮੁੱਢਲੀਆਂ ਰਿਪੋਰਟਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ, ਹਾਲਾਂਕਿ ਇਨ੍ਹਾਂ ਸਬੰਧੀ ਪੁਸ਼ਟੀਸ਼ੁਦਾ ਜਾਣਕਾਰੀ ਦੀ ਉਡੀਕ ਹੈ।

WSO ਅਨੁਸਾਰ ਸਵੇਰੇ ਕਰੀਬ 5 ਵਜੇ ਇੱਕ ਵਿਅਕਤੀ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਇਆ ਅਤੇ ਅੰਦਰ ਮੌਜੂਦ ਲੋਕਾਂ ’ਤੇ ਹਮਲਾ ਕੀਤਾ। ਦੋ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਗੁਰਦੁਆਰਾ ਸਾਹਿਬ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ।WSO ਨੇ ਕਿਹਾ ਕਿ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਲਬਰਟਾ ਵਿੱਚ ਸਿੱਖ ਭਾਈਚਾਰੇ ਨੂੰ ਲੈ ਕੇ ਪਹਿਲਾਂ ਹੀ ਚਿੰਤਾਵਾਂ ਵਧੀਆਂ ਹੋਈਆਂ ਹਨ। ਇੱਕ ਦਿਨ ਪਹਿਲਾਂ ਹੀ ਕੈਲਗਰੀ ਦੇ ਦੋ ਸਿੱਖ ਗੁਰਦੁਆਰਿਆਂ ਨੂੰ ਧਮਕੀ ਭਰੀਆਂ ਕਾਲਾਂ ਮਿਲਣ ਦੀ ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਸੀ।

ਸੰਸਥਾ ਨੇ ਇਸ ਮਹੀਨੇ ਐਡਮਿੰਟਨ ਵਿੱਚ ਸਿੱਖ ਟਰੱਕ ਡਰਾਈਵਰ ਤਲਵਿੰਦਰ ਸਿੰਘ ਅਟਵਾਲ ਨਾਲ ਹੋਈ ਕਥਿਤ ਕੁੱਟਮਾਰ ਦਾ ਵੀ ਜ਼ਿਕਰ ਕੀਤਾ। ਇਸ ਤੋਂ ਇਲਾਵਾ ਮਾਰਚ ਵਿੱਚ ਲੈਡਕ ਨੇੜੇ 22 ਸਾਲਾ ਬਿਰਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਦਾ ਮਾਮਲਾ ਵੀ ਸਿੱਖ ਭਾਈਚਾਰੇ ਵਿੱਚ ਚਿੰਤਾ ਦਾ ਕਾਰਨ ਬਣਿਆ ਸੀ।WSO ਵੱਲੋਂ ਜਾਰੀ ਰਾਸ਼ਟਰੀ ਰਿਪੋਰਟ ਮੁਤਾਬਕ 80 ਫੀਸਦੀ ਤੋਂ ਵੱਧ ਲੋਕਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਸਿੱਖ ਵਿਰੋਧੀ ਨਫ਼ਰਤ ਅਤੇ ਵਿਤਕਰੇ ਵਿੱਚ ਵਾਧਾ ਹੋਇਆ ਹੈ। ਲਗਭਗ ਦੋ-ਤਿਹਾਈ ਲੋਕਾਂ ਨੇ ਮੌਖਿਕ ਹਿਰਾਸਤ ਦਾ ਸਾਹਮਣਾ ਕਰਨ ਦੀ ਗੱਲ ਕਹੀ।

WSO ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ ਕਿ ਗੁਰਦੁਆਰਿਆਂ ਨੂੰ ਮਿਲੀਆਂ ਧਮਕੀਆਂ ਅਤੇ ਉਸ ਤੋਂ ਬਾਅਦ ਹੋਏ ਹਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਅਤੇ ਪੁਲਿਸ ਨੂੰ ਸਿਰਫ਼ ਚਿੰਤਾ ਪ੍ਰਗਟ ਕਰਨ ਦੀ ਬਜਾਏ ਠੋਸ ਕਦਮ ਚੁੱਕਣੇ ਚਾਹੀਦੇ ਹਨ।WSO ਨੇ ਕੈਨੇਡਾ ਭਰ ਦੇ ਗੁਰਦੁਆਰਾ ਸਾਹਿਬਾਨ ਨੂੰ ਆਪਣੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰਨ ਅਤੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਨਾਲ ਹੀ ਐਡਮਿੰਟਨ ਪੁਲਿਸ ਤੋਂ ਮੰਗ ਕੀਤੀ ਗਈ ਹੈ ਕਿ ਹਮਲੇ ਦੇ ਪਿੱਛੇ ਨਫ਼ਰਤ ਜਾਂ ਪੱਖਪਾਤ ਦੀ ਕੋਈ ਭੂਮਿਕਾ ਸੀ ਜਾਂ ਨਹੀਂ, ਇਸ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।