ਅਲਬਰਟਾ ਸਰਕਾਰ ਵੱਲੋਂ ਨਵੇਂ “ਵੈਲਕਮ ਟੂ ਅਲਬਰਟਾ” ਬੋਰਡ ਜਾਰੀ

ਅਲਬਰਟਾ ਸਰਕਾਰ ਵੱਲੋਂ ਨਵੇਂ “ਵੈਲਕਮ ਟੂ ਅਲਬਰਟਾ” ਬੋਰਡ ਜਾਰੀ

ਐਡਮੰਟਨ-ਅਲਬਰਟਾ ਸਰਕਾਰ ਨੇ ਸੂਬੇ ਦੀ “Strong and Free” ਪਹਿਚਾਣ ਨੂੰ ਦਰਸਾਉਂਦੇ ਨਵੇਂ “Welcome to Alberta” ਬਾਰਡਰ ਸਾਈਨ ਬੋਰਡ ਜਾਰੀ ਕਰਨ ਦਾ ਐਲਾਨ ਕੀਤਾ ਹੈ।ਹੁਣ ਅਲਬਰਟਾ ਵਿੱਚ ਦਾਖ਼ਲ ਹੋਣ ਵਾਲੇ ਯਾਤਰੀਆਂ ਅਤੇ ਸੂਬੇ ਵਾਪਸ ਆਉਣ ਵਾਲੇ ਲੋਕਾਂ ਦਾ ਸਵਾਗਤ ਨਵੇਂ ਡਿਜ਼ਾਇਨ ਵਾਲੇ ਬੋਰਡਾਂ ਨਾਲ ਕੀਤਾ ਜਾਵੇਗਾ, ਜੋ ਸੂਬੇ ਦੀ ਮਜ਼ਬੂਤ ਅਤੇ ਖੁੱਲ੍ਹੀ ਪਹਿਚਾਣ ਨੂੰ ਦਰਸਾਉਣਗੇ।

ਟਰਾਂਸਪੋਰਟੇਸ਼ਨ ਅਤੇ ਇਕਨਾਮਿਕ ਕਰੀਡੋਰਜ਼ ਮੰਤਰੀ ਡੈਵਿਨ ਡ੍ਰੀਸ਼ਨ ਨੇ ਕਿਹਾ ਕਿ ਨਵੇਂ ਬੋਰਡ ਅਲਬਰਟਾ ਦੇ ਪਹਾੜਾਂ, ਜੰਗਲਾਂ ਅਤੇ ਖੇਤੀਬਾੜੀ ਵਾਲੀ ਧਰਤੀ ਦੀ ਪਛਾਣ ਨੂੰ ਦਰਸਾਉਣਗੇ ਅਤੇ ਲੋਕਾਂ ਦਾ ਸਵਾਗਤ ਕਰਨਗੇ।

ਪਿਛਲੇ 40 ਸਾਲਾਂ ਤੋਂ ਲੱਗੇ ਪੁਰਾਣੇ ਬੋਰਡ ਹੁਣ ਮੌਸਮੀ ਪ੍ਰਭਾਵਾਂ ਕਾਰਨ ਆਪਣੀ ਮਿਆਦ ਪੂਰੀ ਕਰ ਚੁੱਕੇ ਹਨ। ਸਰਕਾਰ ਹੁਣ ਹੋਰ ਮਜ਼ਬੂਤ ਅਤੇ ਲੰਬੇ ਸਮੇਂ ਤੱਕ ਟਿਕਣ ਵਾਲੇ ਨਵੇਂ ਬੋਰਡ ਲਗਾਉਣ ਜਾ ਰਹੀ ਹੈ।ਸਰਕਾਰ ਵੱਲੋਂ ਕੁੱਲ 22 ਨਵੇਂ ਬੋਰਡ ਲਗਾਏ ਜਾਣਗੇ, ਜੋ ਬ੍ਰਿਟਿਸ਼ ਕੋਲੰਬੀਆ, ਸਸਕਾਚਵਨ, ਮੋਂਟਾਨਾ (ਅਮਰੀਕਾ) ਅਤੇ ਨਾਰਥਵੈਸਟ ਟੈਰੀਟਰੀਜ਼ ਨਾਲ ਲੱਗਦੇ ਬਾਰਡਰ ਰੂਟਾਂ ’ਤੇ ਸਥਾਪਿਤ ਕੀਤੇ ਜਾਣਗੇ। ਇਹ ਕੰਮ 2026 ਦੀ ਪਤਝੜ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ।ਸਰਕਾਰ ਮੁਤਾਬਕ 22 ਬੋਰਡ ਬਦਲਣ ’ਤੇ ਲਗਭਗ 3.5 ਮਿਲੀਅਨ ਡਾਲਰ ਖਰਚ ਆਵੇਗਾ।