ਅਲਬਰਟਾ ਵਿੱਚ ਮੋਟਰਸਾਈਕਲ ਸੁਰੱਖਿਆ ਨੂੰ ਲੈ ਕੇ ਚੇਤਾਵਨੀ ਜਾਰੀ

ਅਲਬਰਟਾ ਵਿੱਚ ਮੋਟਰਸਾਈਕਲ ਸੁਰੱਖਿਆ ਨੂੰ ਲੈ ਕੇ ਚੇਤਾਵਨੀ ਜਾਰੀ

ਐਡਮੰਟਨ-ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਨਾਲ ਅਲਬਰਟਾ ਦੀਆਂ ਸੜਕਾਂ ’ਤੇ ਮੋਟਰਸਾਈਕਲਾਂ ਦੀ ਗਿਣਤੀ ਵਧਣ ਲੱਗੀ ਹੈ। ਇਸਦੇ ਚਲਦਿਆਂ ਸੂਬਾ ਸਰਕਾਰ ਨੇ ਸਾਰੇ ਵਾਹਨ ਚਾਲਕਾਂ ਨੂੰ ਸਾਵਧਾਨ ਰਹਿਣ ਅਤੇ ਮੋਟਰਸਾਈਕਲ ਸਵਾਰਾਂ ਨਾਲ ਸੜਕ ਸਾਂਝੀ ਕਰਨ ਸਮੇਂ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ ਹੈ।ਸਰਕਾਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਹਾਦਸਿਆਂ ਵਿੱਚ ਗੰਭੀਰ ਸੱਟਾਂ ਜਾਂ ਮੌਤ ਦਾ ਖ਼ਤਰਾ ਹੋਰ ਵਾਹਨਾਂ ਨਾਲੋਂ ਕਾਫ਼ੀ ਵੱਧ ਹੁੰਦਾ ਹੈ। ਅੰਕੜਿਆਂ ਮੁਤਾਬਕ ਮੋਟਰਸਾਈਕਲ ਨਾਲ ਜੁੜੇ ਕਰੀਬ 31 ਫੀਸਦੀ ਹਾਦਸਿਆਂ ਵਿੱਚ ਮੌਤ ਜਾਂ ਸੱਟਾਂ ਲੱਗਦੀਆਂ ਹਨ, ਜਦਕਿ ਹੋਰ ਵਾਹਨਾਂ ਦੇ ਹਾਦਸਿਆਂ ਵਿੱਚ ਇਹ ਦਰ ਕੇਵਲ 1.4 ਫੀਸਦੀ ਹੈ।

ਮੋਟਰ ਚਾਲਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਲੇਨ ਬਦਲਣ ਜਾਂ ਮੋੜ ਕੱਟਣ ਸਮੇਂ ਮੋਟਰਸਾਈਕਲਾਂ ’ਤੇ ਖਾਸ ਨਜ਼ਰ ਰੱਖਣ। ਸਰਕਾਰ ਨੇ ਕਿਹਾ ਕਿ ਮੋਟਰਸਾਈਕਲ ਹੋਰ ਵਾਹਨਾਂ ਨਾਲੋਂ ਛੋਟੇ ਹੋਣ ਕਾਰਨ ਅਕਸਰ ਚਾਲਕਾਂ ਨੂੰ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦੇ। ਇਸ ਤੋਂ ਇਲਾਵਾ ਮੀਂਹ ਜਾਂ ਘੱਟ ਦਿੱਖ ਵਾਲੇ ਮੌਸਮ ਦੌਰਾਨ ਸੜਕ ਦੀ ਹਾਲਤ ਮੁਤਾਬਕ ਗਤੀ ਹੌਲੀ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ।

ਮੋਟਰਸਾਈਕਲ ਸਵਾਰਾਂ ਨੂੰ ਵੀ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਸਹੀ ਸਿਖਲਾਈ ਹਾਸਲ ਕਰਨ ਅਤੇ ਵਾਹਨ ਚਲਾਉਂਦੇ ਸਮੇਂ ਵੱਧ ਤੋਂ ਵੱਧ ਦਿੱਖ ਵਿੱਚ ਰਹਿਣ ਲਈ ਕਿਹਾ ਗਿਆ ਹੈ। ਸਰਕਾਰ ਨੇ ਨਵੇਂ ਰਾਈਡਰਾਂ ਨੂੰ ਪਹਿਲਾਂ ਛੋਟੀ ਮੋਟਰਸਾਈਕਲ ਨਾਲ ਤਜਰਬਾ ਹਾਸਲ ਕਰਨ ਤੋਂ ਬਾਅਦ ਹੀ ਵੱਡੀ ਮੋਟਰਸਾਈਕਲ ਚਲਾਉਣ ਦੀ ਸਲਾਹ ਦਿੱਤੀ ਹੈ।

ਸੁਰੱਖਿਆ ਲਈ ਸਰਟੀਫਾਈਡ ਹੈਲਮੈਟ, ਸੁਰੱਖਿਆ ਕੱਪੜੇ, ਅੱਖਾਂ ਦੀ ਰੱਖਿਆ ਲਈ ਚਸ਼ਮੇ ਅਤੇ ਮਜ਼ਬੂਤ ਜੁੱਤੇ ਪਹਿਨਣ ਦੀ ਵੀ ਹਦਾਇਤ ਦਿੱਤੀ ਗਈ ਹੈ।ਸਰਕਾਰੀ ਅੰਕੜਿਆਂ ਮੁਤਾਬਕ 2019 ਤੋਂ 2023 ਦਰਮਿਆਨ ਅਲਬਰਟਾ ਦੀਆਂ ਸੜਕਾਂ ’ਤੇ 143 ਮੋਟਰਸਾਈਕਲ ਸਵਾਰਾਂ ਦੀ ਮੌਤ ਹੋਈ, ਜਦਕਿ 2,266 ਲੋਕ ਜ਼ਖ਼ਮੀ ਹੋਏ। 31 ਮਾਰਚ 2025 ਤੱਕ ਸੂਬੇ ਵਿੱਚ 1,36,655 ਮੋਟਰਸਾਈਕਲ ਰਜਿਸਟਰਡ ਸਨ।