ਅਲਬਰਟਾ ਦੇ ਸਥਾਨਕ ਹੀਰਿਆਂ ਲਈ “ਕਮਿਊਨਿਟੀ ਜਸਟਿਸ ਐਵਾਰਡਸ” ਦੀਆਂ ਨਾਮਜ਼ਦਗੀਆਂ ਸ਼ੁਰੂ

ਅਲਬਰਟਾ ਦੇ ਸਥਾਨਕ ਹੀਰਿਆਂ ਲਈ “ਕਮਿਊਨਿਟੀ ਜਸਟਿਸ ਐਵਾਰਡਸ” ਦੀਆਂ ਨਾਮਜ਼ਦਗੀਆਂ ਸ਼ੁਰੂ

ਲੇਥਬ੍ਰਿਜ : ਅਲਬਰਟਾ ਸਰਕਾਰ ਵੱਲੋਂ “ਅਲਬਰਟਾ ਕਮਿਊਨਿਟੀ ਜਸਟਿਸ ਐਵਾਰਡਸ 2026” ਲਈ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ। ਹਰ ਦੋ ਸਾਲਾਂ ਬਾਅਦ ਦਿੱਤੇ ਜਾਣ ਵਾਲੇ ਇਹ ਐਵਾਰਡ ਉਹਨਾਂ ਵਿਅਕਤੀਆਂ, ਟੀਮਾਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕਰਦੇ ਹਨ ਜੋ ਕਮਿਊਨਿਟੀਆਂ ਨੂੰ ਸੁਰੱਖਿਅਤ ਬਣਾਉਣ, ਅਪਰਾਧ ਰੋਕਣ ਅਤੇ ਲੋਕਾਂ ਵਿੱਚ ਭਰੋਸਾ ਮਜ਼ਬੂਤ ਕਰਨ ਲਈ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।

ਇਹ ਐਵਾਰਡ ਪੁਲਿਸ ਅਧਿਕਾਰੀਆਂ, ਵਕੀਲਾਂ, ਪੀੜਤਾਂ ਦੀ ਸਹਾਇਤਾ ਕਰਨ ਵਾਲੇ ਕਾਰਕੁਨਾਂ, ਨੌਜਵਾਨ ਵਲੰਟੀਅਰਾਂ ਅਤੇ ਸਮਾਜ ਸੇਵਾ ਨਾਲ ਜੁੜੀਆਂ ਸੰਸਥਾਵਾਂ ਦੀ ਨਿਸ਼ਕਾਮ ਸੇਵਾ ਨੂੰ ਮਾਨਤਾ ਦਿੰਦੇ ਹਨ। ਸਰਕਾਰ ਮੁਤਾਬਕ ਇਹ ਲੋਕ ਚੁੱਪਚਾਪ ਸਮਾਜ ਦੀ ਭਲਾਈ ਲਈ ਕੰਮ ਕਰਦੇ ਹੋਏ ਕਈ ਜ਼ਿੰਦਗੀਆਂ ਬਚਾਉਣ ਅਤੇ ਕਮਿਊਨਿਟੀਆਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਇਸ ਵਾਰ ਐਵਾਰਡ ਪ੍ਰੋਗਰਾਮ ਵਿੱਚ ਨਵੀਆਂ ਸ਼੍ਰੇਣੀਆਂ ਵੀ ਜੋੜੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਅਪਰਾਧੀਆਂ ਦੀ ਪੁਨਰਵਾਸੀ, ਸਮਾਜ ਵਿੱਚ ਦੁਬਾਰਾ ਸ਼ਾਮਿਲ ਕਰਨ ਅਤੇ ਐਮਰਜੈਂਸੀ ਤਿਆਰੀ ਲਈ ਕੰਮ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਐਵਾਰਡ ਪ੍ਰਾਪਤ ਕਰਨ ਵਾਲਿਆਂ ਦਾ ਸਨਮਾਨ ਇਸ ਸਾਲ ਪਤਝੜ ਦੌਰਾਨ ਲੇਥਬ੍ਰਿਜ ਵਿੱਚ ਹੋਣ ਵਾਲੇ ਵਿਸ਼ੇਸ਼ ਸਮਾਗਮ ਵਿੱਚ ਕੀਤਾ ਜਾਵੇਗਾ। ਇਸ ਸਮਾਗਮ ਦੀ ਸਾਂਝੀ ਮੇਜ਼ਬਾਨੀ ਅਲਬਰਟਾ ਸਰਕਾਰ, ਲੇਥਬ੍ਰਿਜ ਪੁਲਿਸ ਸਰਵਿਸ ਅਤੇ ਲੇਥਬ੍ਰਿਜ ਚੈਂਬਰ ਆਫ ਕਾਮਰਸ ਵੱਲੋਂ ਕੀਤੀ ਜਾਵੇਗੀ।

ਪਬਲਿਕ ਸੇਫਟੀ ਅਤੇ ਐਮਰਜੈਂਸੀ ਸਰਵਿਸਿਜ਼ ਮੰਤਰੀ ਮਾਈਕ ਐਲਿਸ ਨੇ ਕਿਹਾ ਕਿ ਕਈ ਲੋਕ ਬਿਨਾਂ ਕਿਸੇ ਮਾਨ-ਸਨਮਾਨ ਦੀ ਉਮੀਦ ਤੋਂ ਸਮਾਜ ਲਈ ਵੱਡੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਇਹ ਐਵਾਰਡ ਉਨ੍ਹਾਂ ਦੇ ਯੋਗਦਾਨ ਦੀ ਕਦਰ ਕਰਨ ਦਾ ਮਹੱਤਵਪੂਰਨ ਮਾਧਿਅਮ ਹਨ।ਜਸਟਿਸ ਅਤੇ ਅਟਾਰਨੀ ਜਨਰਲ ਮਿੱਕੀ ਐਮਰੀ ਨੇ ਕਿਹਾ ਕਿ ਸੁਰੱਖਿਅਤ ਸਮਾਜ ਆਪਸੀ ਸਹਿਯੋਗ, ਭਰੋਸੇ ਅਤੇ ਸੇਵਾ ਭਾਵਨਾ ਨਾਲ ਹੀ ਬਣਦੇ ਹਨ। ਉਨ੍ਹਾਂ ਕਿਹਾ ਕਿ ਇਹ ਐਵਾਰਡ ਅਪਰਾਧ ਰੋਕਣ ਅਤੇ ਲੋਕਾਂ ਨੂੰ ਪ੍ਰਭਾਵਸ਼ਾਲੀ ਇਨਸਾਫ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕਰਨਗੇ।ਇਸ ਸਾਲ ਐਵਾਰਡਾਂ ਲਈ ਪੰਜ ਮੁੱਖ ਸ਼੍ਰੇਣੀਆਂ ਨਿਰਧਾਰਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਇਨਸਾਫ ਤੱਕ ਪਹੁੰਚ ਆਸਾਨ ਬਣਾਉਣ, ਪੀੜਤਾਂ ਦੀ ਸਹਾਇਤਾ, ਅਪਰਾਧ ਅਤੇ ਹਿੰਸਾ ਰੋਕਣ, ਅਪਰਾਧੀਆਂ ਦੀ ਪੁਨਰਵਾਸੀ ਅਤੇ ਆਫ਼ਤਾਂ ਦੌਰਾਨ ਕਮਿਊਨਿਟੀ ਦੀ ਤਿਆਰੀ ਅਤੇ ਮਜ਼ਬੂਤੀ ਲਈ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ।