ਅਲਬਰਟਾ ਐਨਡੀਪੀ ਨੇਤਾ ਨੇਨਸ਼ੀ ਨੇ ਐਡਮੰਟਨ-ਸਟਰੈਥਕੋਨਾ ਸੀਟ ਤੋਂ ਕੀਤੀ ਜਿੱਤ ਹਾਸਲ
ਐਡਮੰਟਨ-ਅਲਬਰਟਾ ਵਿੱਚ ਹੋਈਆਂ ਤਿੰਨ ਉਪ ਚੋਣਾਂ ਵਿੱਚੋਂ ਅਲਬਰਟਾ ਐਨਡੀਪੀ ਨੇਤਾ ਨਾਹੀਦ ਨੇਨਸ਼ੀ ਨੇ ਇੱਕ ਸਾਲ ਤੋਂ ਪਾਸੇ ਬੈਠੇ ਰਹਿਣ ਤੋਂ ਬਾਅਦ ਵਿਧਾਨ ਸਭਾ ਵਿੱਚ ਸੀਟ ਜਿੱਤ ਲਈ ਹੈ। ਜਾਣਕਾਰੀ ਮੁਤਾਬਕ ਨਾਹੀਦ ਨੇਨਸ਼ੀ ਨੇ ਪਾਰਟੀ ਦੇ ਗੜ੍ਹ ਵਿੱਚ ਸਾਬਕਾ ਪ੍ਰੀਮੀਅਰ ਰੇਚਲ ਨੋਟਲੀ ਦੀ ਥਾਂ ਲੈਂਦਿਆਂ ਤਿੰਨ ਸੂਬਾਈ ਉਪ-ਚੋਣਾਂ ਵਿੱਚੋਂ ਇੱਕ ਵਿੱਚ ਨਿਊ ਡੈਮੋਕਰੇਟਸ ਲਈ ਐਡਮੰਟਨ-ਸਟਰੈਥਕੋਨਾ ਨੂੰ ਸੰਭਾਲਿਆ। ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਕਿਹਾ ਮੈਂ ਐਡਮੰਟਨ-ਸਟਰੈਥਕੋਨਾ ਦੇ ਲੋਕਾਂ ਦਾ ਸੱਚਮੁੱਚ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਾਨੂੰ ਅਗਲੇ ਕਦਮ ’ਤੇ ਖੜ੍ਹਾ ਕੀਤਾ। ਜ਼ਿਕਰਯੋਗ ਹੈ ਇਲੈਕਸ਼ਨਜ਼ ਅਲਬਰਟਾ ਦੇ ਅਣਅਧਿਕਾਰਤ ਨਤੀਜੇ ਦਰਸਾਉਂਦੇ ਹਨ ਕਿ ਉਹਨਾਂ ਨੇ 82 ਪ੍ਰਤੀਸ਼ਤ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ। ਕੈਲਗਰੀ ਦੇ ਸਾਬਕਾ ਮੇਅਰ ਨੇ ਲਗਭਗ 8,000 ਵੋਟਾਂ ਹਾਸਲ ਕੀਤੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਮੁਕਾਬਲੇਬਾਜ਼, ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਡਾਰਬੀ ਕਰੌਚ ਨੇ 1,300 ਤੋਂ ਵੱਧ ਵੋਟਾਂ ਹਾਸਲ ਕੀਤੀਆਂ। ਦੱਸ ਦਈਏ ਕਿ ਨਤੀਜੇ ਆਉਣ ਤੋਂ ਬਾਅਦ ਯੂਸੀਪੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸੋਸ਼ਲ ਮੀਡੀਆ ’ਤੇ ਨੇਨਸ਼ੀ ਨੂੰ ਵਧਾਈ ਦਿੱਤੀ। ਇਸ ਮੌਕੇ ਐਨਡੀਪੀ ਨੇ ਐਡਮੰਟਨ-ਐਲਰਸਲੀ ਵਿੱਚ ਵੀ ਜਿੱਤ ਦਾ ਐਲਾਨ ਕੀਤਾ, ਜਿੱਥੇ ਪਾਰਟੀ ਦੇ ਉਮੀਦਵਾਰ ਗੁਰਤੇਜ ਸਿੰਘ ਬਰਾੜ ਨੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨਰੇਸ਼ ਭਾਰਦਵਾਜ ਤੋਂ 1,000 ਤੋਂ ਵੱਧ ਵੋਟਾਂ ਨਾਲ ਅੱਗੇ ਆਏ। ਤੀਜੀ ਉਪ-ਚੋਣ ਵਿੱਚ ਯੂਸੀਪੀ ਦੀ ਉਮੀਦਵਾਰ ਤਾਰਾ ਸੌਅਰ 61 ਪ੍ਰਤੀਸ਼ਤ ਵੋਟਾਂ ਨਾਲ ਓਲਡਜ਼-ਡਿਡਸਬਰੀ-ਥਰੀ ਹਿਲਜ਼ ਤੋਂ ਆਸਾਨੀ ਨਾਲ ਜਿੱਤ ਗਈ।
















