ਬਿਲਡ ਕੈਨੇਡਾ ਹੋਮਜ਼ ਦਾ ਉਦੇਸ਼ ਸੰਘੀ ਜ਼ਮੀਨ ’ਤੇ 4,000 ਰਿਹਾਇਸ਼ੀ ਯੂਨਿਟ ਬਣਾਉਣਾ: ਪ੍ਰਧਾਨ ਮੰਤਰੀ ਕਾਰਨੀ
ਓਟਾਵਾ-ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੀਤੇ ਦਿਨੀਂ ਐਲਾਨ ਕਰਦਿਆਂ ਕਿਹਾ ਕਿ ਨਵੀਂ ਬਣੀ ਬਿਲਡ ਕੈਨੇਡਾ ਹੋਮਜ਼ ਏਜੰਸੀ ਛੇ ਸੰਘੀ ਮਲਕੀਅਤ ਵਾਲੀਆਂ ਥਾਵਾਂ ’ਤੇ 4,000 ਘਰ ਬਣਾਉਣ ਦੀਆਂ ਯੋਜਨਾਵਾਂ ਦੀ ਨਿਗਰਾਨੀ ਕਰੇਗੀ। ਜਾਣਕਾਰੀ ਮੁਤਾਬਕ ਅਜੇ ਤੱਕ ਘਰਾਂ ਲਈ ਖਾਸ ਸਥਾਨਾਂ ਐਲਾਨ ਨਹੀਂ ਕੀਤਾ ਗਿਆ ਹੈ, ਪਰ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਉਹ ਡਾਰਟਮਾਊਥ, ਐਨ.ਐਸ., ਲੋਂਗੂਇਲ, ਕਿਊ., ਓਟਾਵਾ, ਟੋਰਾਂਟੋ, ਵਿਨੀਪੈਗ ਅਤੇ ਐਡਮੰਟਨ ਵਿੱਚ ਹੋਣਗੇ। ਇਸ ਮੌਕੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਅਨੁਸਾਰ, ਇਨ੍ਹਾਂ ਘਰਾਂ ਵਿੱਚੋਂ ਪਹਿਲੇ ’ਤੇ ਅਗਲੇ ਸਾਲ ਉਸਾਰੀ ਸ਼ੁਰੂ ਹੋਣ ਦੀ ਉਮੀਦ ਹੈ। ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਊਸਿੰਗ ਮਾਰਕੀਟ ਵਿੱਚ ਮੌਜੂਦ ਮੁੱਖ ਚੁਣੌਤੀ ਇਹ ਹੈ ਕਿ ਇਸਨੂੰ ਬਣਾਉਣਾ ਬਹੁਤ ਮੁਸ਼ਕਲ ਹੈ। ਉਹਨਾਂ ਕਿਹਾ ਕਿ ਉਹਨਾਂ ਆਪਣੇ ਸਾਥੀਆਂ ਨੂੰ ਸਰਕਾਰੀ ਵਿਭਾਗਾਂ ਦੀ ਮਲਕੀਅਤ ਵਾਲੀ ਜ਼ਮੀਨ ਦੀ ਪਛਾਣ ਕਰਨ ਲਈ ਕਿਹਾ ਹੈ ਜੋ ਰਿਹਾਇਸ਼ ਲਈ ਵਰਤੀ ਜਾ ਸਕਦੀ ਹੈ, ਜਿਸਨੂੰ ਕੈਨੇਡਾ ਲੈਂਡ ਬੈਂਕ ’ਤੇ ਉਪਲਬਧ 88 ਜਾਇਦਾਦਾਂ ਦੀ ਸੂਚੀ ਵਿੱਚ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ “ਬਿਲਡਰਾਂ ਲਈ ਲਾਗਤਾਂ ਨੂੰ ਘਟਾਉਣ ਵਿੱਚ ਮਦਦ ਕਰੇਗਾ ਅਤੇ ਸਭ ਤੋਂ ਮਹੱਤਵਪੂਰਨ, ਕੈਨੇਡੀਅਨ ਪਰਿਵਾਰਾਂ ਲਈ ਕਿਰਾਏ ਅਤੇ ਨਵੇਂ ਘਰਾਂ ਦੀਆਂ ਕੀਮਤਾਂ ਨੂੰ ਘਟਾਏਗਾ।” ਸਰਕਾਰ ਦਾ ਰੈਂਟਲ ਪ੍ਰੋਟੈਕਸ਼ਨ ਫੰਡ, ਜੋ ਕਮਿਊਨਿਟੀ ਹਾਊਸਿੰਗ ਗਰੁੱਪਾਂ ਨੂੰ ਪ੍ਰਾਈਵੇਟ ਰੈਂਟਲ ਯੂਨਿਟ ਖਰੀਦਣ ਵਿੱਚ ਮਦਦ ਕਰਦਾ ਹੈ ਤਾਂ ਜੋ ਉਨ੍ਹਾਂ ਨੂੰ ਕਿਫਾਇਤੀ ਰੱਖਿਆ ਜਾ ਸਕੇ, ਬਿਲਡ ਕੈਨੇਡਾ ਹੋਮਜ਼ ਦੇ ਅਧੀਨ ਜਾਰੀ ਰਹੇਗਾ। ਨਾਲ ਹੀ ਕਿਹਾ ਕਿ ਨਵੀਂ ਏਜੰਸੀ ਵਿੱਚ ਬੇਘਰ ਹੋਣ ਦੇ ਜੋਖਮ ਵਿੱਚ ਲੋਕਾਂ ਦੀ ਮਦਦ ਕਰਨ ਲਈ ਪਰਿਵਰਤਨਸ਼ੀਲ ਹਾਊਸਿੰਗ ਪ੍ਰੋਜੈਕਟਾਂ ਲਈ $1 ਬਿਲੀਅਨ ਫੰਡ ਵੀ ਸ਼ਾਮਲ ਕੀਤਾ ਜਾਵੇਗਾ।
















