ਭਾਰਤ ਅਤੇ ਫਰਾਂਸ ਨੇ ਕੀਤੇ ਰਾਫੇਲ ਡੀਲ ’ਤੇ ਹਸਤਾਖ਼ਰ
India and France sign a raffel deal
ਨਵੀਂ ਦਿੱਲੀ-ਜੰਮੂ ਕਸ਼ਮੀਰ ਦੇ ਖੇਤਰ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਮਾਰੇ ਗਏ 26 ਲੋਕਾਂ ਦੀ ਮੌਤ ਕਾਰਨ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਲਗਾਤਾਰ ਵਿਗੜ ਰਹੇ ਹਨ। ਜਾਣਕਾਰੀ ਮੁਤਾਬਕ ਭਾਰਤ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਅਤੇ ਨਾਲ ਹੀ ਭਾਰਤ ਰੱਖਿਆ ਖੇਤਰ ’ਚ ਆਪਣੇ-ਆਪ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇ ਰਿਹਾ ਹੈ। ਜਿਸ ਤਹਿਤ ਭਾਰਤ ਅਤੇ ਫਰਾਂਸ ਦੇ ਵਿਚਕਾਰ ਇਕ ਇਤਿਹਾਸਕ ਰਾਫੇਲ ਡੀਲ ’ਤੇ ਦਸਤਖ਼ਤ ਹੋ ਚੁੱਕੇ ਹਨ। ਇਸ ਸਮਝੌਤੇ ਤਹਿਤ ਭਾਰਤ ਫਰਾਂਸ ਤੋਂ 26 ਰਾਫੇਲ ਮਰੀਨ ਜਹਾਜ਼ ਖਰੀਦੇਗਾ, ਜਿਸ ਵਿਚ 22 ਸਿੰਗਲ ਸੀਟਰ ਜਹਾਜ਼ ਤੇ 4 ਡਬਲ ਸੀਟਰ ਜਹਾਜ਼ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਭਾਰਤ ਅਤੇ ਫਰਾਂਸ ਦੇ ਰੱਖਿਆ ਮੰਤਰੀਆਂ ਵਿਚਕਾਰ ਇਸ ਸਮਝੌਤੇ ’ਤੇ ਦਸਤਖਤ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਹਥਿਆਰਾਂ ਦੀ ਖਰੀਦ ਦੇ ਮਾਮਲੇ ’ਚ ਇਹ ਭਾਰਤ ਦੀ ਫਰਾਂਸ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਹੈ, ਜਿਸ ਦੀ ਕੀਮਤ ਲਗਪਗ 63,000 ਕਰੋੜ ਰੁਪਏ ਮੰਨੀ ਜਾ ਰਹੀ ਹੈ। ਪਹਿਲਾਂ ਇਸ ਸੌਦੇ ’ਤੇ ਹਸਤਾਖਰ ਕਰਨ ਲਈ ਫਰਾਂਸ ਦੇ ਰੱਖਿਆ ਮੰਤਰੀ ਸੇਬੇਸਟਿਅਨ ਲੇਕੋਰਨੂ ਨੇ ਐਤਵਾਰ ਨੂੰ ਭਾਰਤ ਆਉਣਾ ਸੀ, ਪਰ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਦੀ ਯਾਤਰਾ ਰੱਦ ਕਰ ਦਿੱਤੀ ਗਈ। ਹਾਲਾਂਕਿ, ਉਹ ਆਪਣੇ ਭਾਰਤੀ ਸਮਕਾਲੀ ਰਾਜਨਾਥ ਸਿੰਘ ਨਾਲ ਗੱਲਬਾਤ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਏ। ਨਵੀਂ ਦਿੱਲੀ ’ਚ ਹੋਏ ਇਸ ਸਮਝੌਤੇ ’ਤੇ ਹਸਤਾਖਰ ਦੌਰਾਨ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਤੇ ਭਾਰਤ ’ਚ ਫਰਾਂਸ ਦੇ ਰਾਜਦੂਤ ਥੀਏਰੀ ਮਥੌ ਵੀ ਮੌਜੂਦ ਰਹੇ।
ਦੱਸ ਦਈਏ ਕਿ ਰਾਫੇਲ ਮਰੀਨ ਜਹਾਜ਼ਾਂ ਨੂੰ INS ਵਿਕਰਾਂਤ ’ਤੇ ਤਾਇਨਾਤ ਕੀਤਾ ਜਾਵੇਗਾ। ਫਰਾਂਸ ਦੀ ਜਹਾਜ਼ ਕੰਪਨੀ ਦਸੌ ਏਵੀਏਸ਼ਨ ਭਾਰਤ ਦੀਆਂ ਜ਼ਰੂਰਤਾਂ ਮੁਤਾਬਕ ਇਨ੍ਹਾਂ ਜਹਾਜ਼ਾਂ ’ਚ ਕੁਝ ਬਦਲਾਅ ਕਰੇਗੀ। ਇਸ ਵਿਚ ਐਂਟੀ ਸ਼ਿਪ ਸਟਰਾਈਕ, 10 ਘੰਟੇ ਤਕ ਫਲਾਈਟ ਰਿਕਾਰਡ ਕਰਨ ਅਤੇ ਨਿਊਕਲੀਅਰ ਹਥਿਆਰ ਲਾਂਚ ਕਰਨ ਵਰਗੇ ਫੀਚਰ ਸ਼ਾਮਲ ਹੋਣਗੇ। ਰਿਪੋਰਟਾਂ ਅਨੁਸਾਰ, ਇਨ੍ਹਾਂ ਜਹਾਜ਼ਾਂ ਦੀ ਡਿਲਿਵਰੀ 2028-29 ’ਚ ਸ਼ੁਰੂ ਹੋ ਸਕਦੀ ਹੈ। ਜਦਕਿ 2031-32 ਤੱਕ ਫਰਾਂਸ ਸਾਰੇ ਜਹਾਜ਼ ਭਾਰਤ ਪਹੁੰਚਾ ਸਕਦਾ ਹੈ।
















