ਜੀ-7 ਸੰਮੇਲਨ ਦੌਰਾਨ ਨੋ-ਫਲਾਈ ਜ਼ੋਨ ਦੀ ਉਲੰਘਣਾ ਕਰਨ ਵਾਲੇ ਜਹਾਜ਼ਾਂ, ਡਰੋਨਾਂ ’ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ
ਕੈਲਗਰੀ-ਜੂਨ ਵਿੱਚ ਅਲਬਰਟਾ ਵਿੱਚ ਹੋਣ ਵਾਲੇ ਜੀ-7 ਲੀਡਰਸ ਸੰਮੇਲਨ ਦੌਰਾਨ ਦੋ ਮੁੱਖ ਖੇਤਰਾਂ ਵਿੱਚ ਹਵਾਈ ਪਾਬੰਦੀਆਂ ਲਾਗੂ ਹੋਣਗੀਆਂ ਅਤੇ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਕੋਈ ਅਣਚਾਹੇ ਡਰੋਨ ਜਾਂ ਜਹਾਜ਼ ਹਵਾਈ ਖੇਤਰ ਵਿੱਚ ਨਾ ਦਾਖਲ ਹੋਣ। ਇਹ ਜਾਣਕਾਰੀ ਆਰਸੀਐਮਪੀ ਨੇ ਸਾਂਝੀ ਕੀਤੀ। ਜਾਣਕਾਰੀ ਮੁਤਾਬਕ ਆਰਸੀਐਮਪੀ ਪ੍ਰੋਟੈਕਟਿਵ ਆਪ੍ਰੇਸ਼ਨਜ਼ ਦੇ ਸਾਰਜੈਂਟ ਮਾਰਕ ਬਸੰਤ ਨੇ ਕਿਹਾ ਕਿ ਨੋ-ਫਲਾਈ ਜ਼ੋਨਾਂ ਵਿੱਚ ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਕਨਾਨਾਸਕਿਸ ਦੋਵੇਂ ਸ਼ਾਮਲ ਹੋਣਗੇ, ਜਿੱਥੇ ਆਗੂ ਹੋਣਗੇ। ਉਨ੍ਹਾਂ ਕਿਹਾ ਕਿ ਕਨਾਨਾਸਕਿਸ ਪਿੰਡ ਦਾ ਘੇਰਾ 30 ਨੌਟੀਕਲ ਮੀਲ (56 ਕਿਲੋਮੀਟਰ) ਹੋਵੇਗਾ, ਜਦੋਂ ਕਿ ਹਵਾਈ ਅੱਡੇ ’ਤੇ ਇਹ 20 ਨੌਟੀਕਲ ਮੀਲ (37 ਕਿਲੋਮੀਟਰ) ਹੋਵੇਗਾ। ਜ਼ਿਕਰਯੋਗ ਹੈ ਪਾਬੰਦੀਆਂ 14 ਜੂਨ ਨੂੰ ਸਵੇਰੇ 6 ਵਜੇ ਸ਼ੁਰੂ ਹੋਣਗੀਆਂ ਅਤੇ 17 ਜੂਨ ਨੂੰ ਰਾਤ 11:59 ਵਜੇ ਤੱਕ ਲਾਗੂ ਰਹਿਣਗੀਆਂ। ਅੱਗੇ ਗੱਲਬਾਤ ਕਰਦਿਆਂ ਬਸੰਤਾ ਨੇ ਕਿਹਾ ਕਿ ਅਣਅਧਿਕਾਰਤ ਜਹਾਜ਼ਾਂ ਅਤੇ ਡਰੋਨਾਂ ਦਾ ਸਾਹਮਣਾ ਆਰਸੀਐਮਪੀ ਜਾਂ ਕੈਨੇਡੀਅਨ ਫੋਰਸਿਜ਼ ਦੇ ਜਹਾਜ਼ਾਂ ਦੁਆਰਾ ਕੀਤਾ ਜਾਵੇਗਾ ਅਤੇ ਆਖਰੀ ਉਪਾਅ ਵਜੋਂ ਉਨ੍ਹਾਂ ਨੂੰ ਮਾਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਨਾਨਾਸਕਿਸ ਖੇਤਰ ਵਿੱਚ ਇੱਕ ਕਾਊਂਟਰ-ਡਰੋਨ ਟੀਮ ਤਾਇਨਾਤ ਕੀਤੀ ਜਾਵੇਗੀ। ਦੱਸ ਦਈਏ ਕੈਨੇਡਾ 15 ਤੋਂ 17 ਜੂਨ ਤੱਕ ਹੋਣ ਵਾਲੀ ਮੀਟਿੰਗ ਵਿੱਚ ਸੰਯੁਕਤ ਰਾਜ, ਫਰਾਂਸ, ਜਰਮਨੀ, ਜਾਪਾਨ, ਯੂਨਾਈਟਿਡ ਕਿੰਗਡਮ ਅਤੇ ਇਟਲੀ ਦੇ ਨਾਲ-ਨਾਲ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਦੀ ਮੇਜ਼ਬਾਨੀ ਕਰੇਗਾ। ਬਸੰਤ ਨੇ ਕਿਹਾ ਕਿ ਪਾਬੰਦੀਆਂ ਨਿਯਮਤ ਤੌਰ ’ਤੇ ਨਿਰਧਾਰਤ ਵਪਾਰਕ ਉਡਾਣਾਂ ਨੂੰ ਪ੍ਰਭਾਵਤ ਨਹੀਂ ਕਰਨਗੀਆਂ।
















