ਕੈਨੇਡਾ ਸਰਕਾਰ ਨੂੰ ਅਮਰੀਕਾ ਨਾਲ ਵਪਾਰਕ ਗੱਲਬਾਤ ਵਿੱਚ ਵਧੇਰੇ ਪਾਰਦਰਸ਼ੀ ਹੋਣ ਦੀ ਲੋੜ: ਐਨਡੀਪੀ ਨੇਤਾ
ਓਟਾਵਾ-ਐਨੀਡੀਪੀ ਨੇਤਾ ਡੌਨ ਡੇਵਿਸ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਕਿਹਾ ਕਿ ਉਹਨਾਂ ਨੂੰ ਐਨਡੀਪੀ ਨਾਲ ਕੀਤੇ ਪਿਛਲੇ ਵਾਅਦਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਹਾਊਸ ਆਫ਼ ਕਾਮਨਜ਼ ਵਿੱਚ ਕਿਸੇ ਵੀ ਅਮਰੀਕੀ ਵਪਾਰਕ ਗੱਲਬਾਤ ਬਾਰੇ ਜਾਣਕਾਰੀ ਪੇਸ਼ ਕਰਨੀ ਚਾਹੀਦੀ ਹੈ। ਜਾਣਕਾਰੀ ਮੁਤਾਬਕ ਡੌਨ ਡੇਵਿਸ ਦੀ ਇਹ ਬੇਨਤੀ ਇਸ ਮਹੀਨੇ ਹੋਣ ਵਾਲੇ ਜੀ-7 ਨੇਤਾਵਾਂ ਦੇ ਇਕੱਠ ਤੋਂ ਪਹਿਲਾਂ ਆਈ ਹੈ, ਜਿੱਥੇ ਪ੍ਰਧਾਨ ਮੰਤਰੀ ਕਾਰਨੀ ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ ਅਤੇ ਦੋਵੇਂ ਦੋਵਾਂ ਦੇਸ਼ਾਂ ਵਿਚਕਾਰ ਇੱਕ ਨਵੇਂ ਆਰਥਿਕ ਅਤੇ ਸੁਰੱਖਿਆ ਸਬੰਧਾਂ ’ਤੇ ਕੰਮ ਕਰਨਾ ਜਾਰੀ ਰੱਖਣਗੇ। ਜ਼ਿਕਰਯੋਗ ਹੈ ਇਹ ਸੰਮੇਲਨ 15 ਅਤੇ 17 ਜੂਨ ਦੇ ਵਿਚਕਾਰ ਅਲਟਾ ਦੇ ਕਨਾਨਾਸਕਿਸ ਵਿੱਚ ਹੋਵੇਗਾ। ਡੇਵਿਸ ਵੱਲੋਂ ਕਾਰਨੀ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਐਨਡੀਪੀ ਚਿੰਤਤ ਹੈ ਕਿ ਸਰਕਾਰ ਨੇ ਕੈਨੇਡਾ-ਸੰਯੁਕਤ ਰਾਜ-ਮੈਕਸੀਕੋ ਸਮਝੌਤੇ ’ਤੇ ਮੁੜ ਗੱਲਬਾਤ ਕਰਨ ਬਾਰੇ ਟਰੰਪ ਪ੍ਰਸ਼ਾਸਨ ਨਾਲ “ਸ਼ੁਰੂਆਤੀ” ਚਰਚਾਵਾਂ ਵਿੱਚ ਦਾਖਲ ਹੋ ਗਿਆ ਹੈ, ਜੋ ਕਿ ਅਗਲੇ ਸਾਲ ਸਮੀਖਿਆ ਲਈ ਹੈ। ਉਹਨਾਂ ਕਿਹਾ ਕਿ ਇਹ ਗੱਲਬਾਤ ਉਸ ਪਾਰਦਰਸ਼ਤਾ ਤੋਂ ਬਿਨਾਂ ਹੋ ਰਹੀ ਜਾਪਦੀ ਹੈ ਜਿਸਦਾ ਕੈਨੇਡੀਅਨਾਂ ਨਾਲ ਵਾਅਦਾ ਕੀਤਾ ਗਿਆ ਸੀ ਅਤੇ ਜਿਸਦੀ ਤੁਹਾਡੀ ਪਾਰਟੀ ਨੇ ਲਿਖਤੀ ਰੂਪ ਵਿੱਚ ਵਚਨਬੱਧਤਾ ਪ੍ਰਗਟ ਕੀਤੀ ਹੈ। ਜ਼ਿਕਰਯੋਗ ਹੈ 27 ਮਈ ਨੂੰ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਵਪਾਰਕ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕੀ ਟੈਰਿਫ ਮੁੱਦੇ ’ਤੇ ਹੋਰ ਪ੍ਰਗਤੀ ਦੀ ਲੋੜ ਹੈ। ਕਾਰਨੀ ਨੇ 5 ਮਈ ਨੂੰ ਓਵਲ ਦਫਤਰ ਵਿੱਚ ਟਰੰਪ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਰਾਸ਼ਟਰਪਤੀ ਕੈਨੇਡਾ ਨਾਲ ਇੱਕ ਨਵੇਂ ਵਪਾਰ ਸਮਝੌਤੇ ’ਤੇ ਗੱਲਬਾਤ ਕਰਨ ਲਈ ਖੁੱਲ੍ਹੇ ਹਨ।
















