ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਖੇਤਰ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਕਾਰਨ ਨੇ ਚੁੱਕੇ ਨਵੇਂ ਕਦਮ
Prime Minister Karan takes new steps to strengthen Canada's steel and aluminum sector
ਓਟਵਾ-ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਖੇਤਰ ਨੂੰ ਮਜ਼ਬੂਤ ਕਰਨ ਲਈ ਨਵੇਂ ਕਦਮ ਚੁੱਕਦਿਆਂ ਐਲਾਨ ਕੀਤਾ ਕਿ ਜੇਕਰ ਅਮਰੀਕਾ ਨਾਲ ਅਗਲੇ 30 ਦਿਨਾਂ ਵਿੱਚ ਕੋਈ ਵਪਾਰਕ ਸਮਝੌਤਾ ਨਹੀਂ ਹੁੰਦਾ ਤਾਂ ਕੈਨੇਡਾ ਵੱਲੋਂ ਅਮਰੀਕੀ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ’ਤੇ ਵਾਧੂ ਜਵਾਬੀ ਟੈਰਿਫ਼ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਟੈਰਿਫ 21 ਜੁਲਾਈ ਤੱਕ ਟਰੰਪ ਨਾਲ ਗੱਲਬਾਤ ‘ਤੇ ਨਿਰਭਰ ਕਰਦਿਆਂ ਸਥਿਤੀ ਅਨੁਸਾਰ ਘਟਾਏ ਜਾਂ ਵਧਾਏ ਵੀ ਜਾ ਸਕਦੇ ਹਨ। ਜਾਣਕਾਰੀ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਾਏ ਟੈਰਿਫਾਂ ਕਾਰਨ ਉਦਯੋਗ ਖੇਤਰ ਗੰਭੀਰ ਪ੍ਰਭਾਵਿਤ ਹੋਇਆ ਹੈ ਜਿਸ ਕਰਕੇ ਨਿਰਯਾਤ ਘਟਿਆ ਹੈ ਅਤੇ ਨੌਕਰੀਆਂ ਦਾ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਰਾਸ਼ਟਰਪਤੀ ਟਰੰਪ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਟੀਲ ਅਤੇ ਐਲੂਮੀਨੀਅਮ ’ਤੇ ਲਾਗੂ ਟੈਰਿਫ਼ 25% ਤੋਂ ਵਧਾ ਕੇ 50% ਕਰ ਦਿੱਤੇ ਸਨ। ਭਾਵੇਂ ਉਸ ਸਮੇਂ, ਕਾਰਨੀ ਨੇ ਟਰੰਪ ਦੇ ਟੈਰਿਫ਼ ਵਾਧਿਆਂ ਨੂੰ ‘ਬੇਤੁਕਾ’ ਅਤੇ ‘ਗ਼ੈਰ-ਵਾਜਬ’ ਆਖਿਆ ਸੀ, ਪਰ ਉਨ੍ਹਾਂ ਨੇ ਇਸ ਦਲੀਲ ‘ਤੇ ਵਾਧੂ ਜਵਾਬੀ ਟੈਰਿਫ਼ ਰੋਕ ਲਏ ਸਨ ਕਿ ਦੋਵੇਂ ਮੁਲਕ ਗੰਭੀਰ ਗੱਲਬਾਤਾਂ ਵਿੱਚ ਸ਼ਾਮਿਲ ਸਨ।
ਅਲਬਰਟਾ ਵਿੱਚ ਹੋਏ ਜੀ 7 ਸੰਮੇਲਨ ਵਿੱਚ ਰਾਸ਼ਟਪਰਤੀ ਟਰੰਪ ਅਤੇ ਪ੍ਰਧਾਨ ਮੰਤਰੀ ਕਾਰਨੀ 30 ਦਿਨਾਂ ਦੇ ਅੰਦਰ ਕਿਸੇ ਵਪਾਰ ਸਮਝੌਤੇ ‘ਤੇ ਪਹੁੰਚਣ ਲਈ ਸਹਿਤਮ ਹੋਏ ਸਨ। ਪਰ ਇਸ ਐਲਾਨ ਦੇ ਨਾਲ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਅਮਰੀਕੀ ਸਟੀਲ ਅਤੇ ਐਲੂਮੀਨਮ ਆਯਾਤ ’ਤੇ ਕੈਨੇਡੀਅਨ ਟੈਰਿਫ ਇੱਕ ਅਜਿਹੀ ਦਰ ’ਤੇ ਨਿਰਧਾਰਤ ਕੀਤੇ ਜਾਣਗੇ ਜੋ ਕੀਤੀ ਗਈ ਪ੍ਰਗਤੀ ਦੇ ਅਨੁਕੂਲ ਹੋਣਗੇ। ਇਸ ਤੋਂ ਇਲਾਵਾ ਕਾਰਨੀ ਨੇ ਇਹ ਵੀ ਦੱਸਿਆ ਕਿ ਜਿਹੜੇ ਵੱਡੇ ਬੁਨਿਆਦੀ ਢਾਂਚੇ ਅਤੇ ਕੁਦਰਤੀ ਸਰੋਤ ਸਬੰਧਤ ਪ੍ਰੋਜੈਕਟ ਲਿਆਉਣ ਦੀ ਯੋਜਨਾ ਉਲੀਕੀ ਗਈ ਹੈ, ਉਹ ਵੀ ਸਟੀਲ ਉਦਯੋਗ ਨੂੰ ਹੁਲਾਰਾ ਦੇਣ ਵਿਚ ਮਦਦ ਕਰੇਗੀ।
















