ਕਮਲ ਕੌਰ ਭਾਬੀ ਕਤਲ ਮਾਮਲਾ: ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਗ੍ਰਿਫ਼ਤਾਰੀ ਲਈ 7 ਟੀਮਾਂ ਦਾ ਗਠਨ
ਬਠਿੰਡਾ-ਇੰਸਟਾਗ੍ਰਾਮ ’ਤੇ ਮਸ਼ਹੂਰ ਕੰਚਨ ਕੁਮਾਰੀ ਉਰਫ ਕਲਮ ਭਾਬੀ ਜਿਸ ਦਾ ਬੀਤੇ ਦਿਨੀਂ ਕਤਲ ਕਰ ਦਿੱਤਾ ਗਿਆ ਬਾਰੇ ਇੱਕ ਹੋਰ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ਕਤਲ ਦਾ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਸ ਮਾਮਲੇ ’ਚ ਪੁਲਿਸ ਨੇ ਦੋ ਹਤਿਆਰੇ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਪਰ ਤੀਜਾ ਤੇ ਮੁੱਖ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਲੱਗਿਆ। ਇਸ ਦੇ ਨਾਲ ਹੀ ਉਸਦੇ ਇੰਟਰਨੈੱਟ ਮੀਡੀਆ ’ਤੇ ਲੋਕਾਂ ਨੂੰ ਧਮਕੀਆਂ ਦੇਣ ਵਾਲੇ ਬਿਆਨ ਲਗਾਤਾਰ ਵਾਇਰਲ ਹੋ ਰਹੇ ਹਨ। ਕਮਲ ਕੌਰ ਦੀ ਹੱਤਿਆ ਦੇ ਮਾਸਟਰਮਾਈਂਡ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਲਈ ਜ਼ਿਲ੍ਹਾ ਪੁਲਿਸ ਨੇ ਸੱਤ ਟੀਮਾਂ ਦਾ ਗਠਨ ਕੀਤਾ ਹੈ। ਇਸ ਵਿਚ ਕੈਂਟ ਥਾਣਾ ਪੁਲਿਸ, ਸੀਆਈਏ ਵਨ ਤੇ ਸੀਆਈਏ ਟੂ ਦੀਆਂ ਟੀਮਾਂ ਦੇ ਨਾਲ ਟੈਕਨੀਕਲ ਤੇ ਸਾਈਬਰ ਸੈੱਲ ਦੀਆਂ ਟੀਮਾਂ ਲਗਾਤਾਰ ਉਸਦੀ ਮੂਵਮੈਂਟ ਦੀ ਟਰੈਕਿੰਗ ਕਰ ਰਹੀਆਂ ਹਨ ਤੇ ਉਸਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀਆਂ ਹਨ। ਇਸ ਦੌਰਾਨ ਪਿਛਲੇ ਦੋ ਦਿਨਾਂ ਤੋਂ ਇੰਟਰਨੈੱਟ ਮੀਡੀਆ ’ਤੇ ਕੁਝ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਟਰਨੈੱਟ ਮੀਡੀਆ ’ਤੇ ਵਿਵਾਦਤ ਵੀਡੀਓ ਅਪਲੋਡ ਕਰਨ ਵਾਲੀ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੀ ਹੱਤਿਆ ਤੋਂ ਪਹਿਲਾਂ ਉਸ ਨਾਲ ਜਬਰ ਜਨਾਹ ਕੀਤਾ ਗਿਆ ਸੀ। ਜਬਰ ਜਨਾਹ ਤੋਂ ਬਾਅਦ ਉਸਦਾ ਗਲਾ ਦਬਾ ਕੇ ਹੱਤਿਆ ਕੀਤੀ ਗਈ ਹੈ। ਇਸ ਬਾਰੇ ਦਾਅਵਿਆਂ ’ਤੇ ਬਠਿੰਡਾ ਪੁਲਿਸ ਦਾ ਕਹਿਣਾ ਹੈ ਕਿ ਹਾਲੀਆ ਜਾਂਚ ’ਚ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ, ਪਰ ਇਸ ਐਂਗਲ ਤੋਂ ਵੀ ਪੁਲਿਸ ਜਾਂਚ ਕਰ ਰਹੀ ਹੈ ਤੇ ਇਸ ਨੂੰ ਲੈ ਕੇ ਮ੍ਰਿਤਕ ਦੇ ਸਵੈਬ ਲੈ ਕੇ ਖਰੜ ਤੇ ਫਰੀਦਕੋਟ ਮੈਡੀਕਲ ਲੈਬ ’ਚ ਜਾਂਚ ਲਈ ਭੇਜੇ ਗਏ ਹਨ। ਉੱਥੇ ਹੀ ਪੋਸਟਮਾਰਟਮ ਰਿਪੋਰਟ ਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਹੀ ਇਸ ਦਾਅਵੇ ਨਾਲ ਸਹੀ ਢੰਗ ਨਾਲ ਪਰਦਾ ਹਟਾਇਆ ਜਾ ਸਕੇਗਾ ਤੇ ਮੁਲਜ਼ਮ ’ਤੇ ਦਰਜ ਹਤਿਆ ਦੀਆਂ ਧਾਰਾਵਾਂ ਦੇ ਨਾਲ ਹੋਰ ਧਾਰਾਵਾਂ ਵੀ ਲਗਾਈਆਂ ਜਾਣਗੀਆਂ।
















