ਈਰਾਨ-ਇਜ਼ਰਾਈਲ ਯੁੱਧ: ਈਰਾਨ ’ਤੇ ਹਮਲੇ ਲਈ ਅਮਰੀਕਾ ਪੂਰੀ ਤਰ੍ਹਾਂ ਤਿਆਰ
ਹਮਾਸ-ਇਜ਼ਰਾਈਲ ਅਤੇ ਈਰਾਨ ਵਿਚਕਾਰ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਜੋ ਕਿ ਮੱਧ ਪੂਰਬ ਨੂੰ ਜੰਗ ਵਾਲੇ ਪਾਸੇ ਲਿਜਾਂਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਇਜ਼ਰਾਈਲ ਈਰਾਨ ਦੇ ਪਰਮਾਣੂ ਠਿਕਾਣਿਆਂ ’ਤੇ ਹਮਲੇ ਤੇਜ਼ ਕਰ ਚੁੱਕਾ ਹੈ, ਜਦਕਿ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੁੱਪੀ ਅਤੇ ਉਨ੍ਹਾਂ ਦੇ ਅਸਪੱਸ਼ਟ ਬਿਆਨ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਜ਼ਿਕਰਯੋਗ ਹੈ ਰਾਸ਼ਟਰਪਤੀ ਟਰੰਪ ਨੇ ਈਰਾਨ ’ਤੇ ਹਮਲੇ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਸੀ, ਪਰ ਅਖੀਰੀ ਹੁਕਮ ਦੇਣ ਤੋਂ ਪਹਿਲਾਂ ਉਹ ਦੇਖਣਾ ਚਾਹੁੰਦੇ ਹਨ ਕਿ ਈਰਾਨ ਆਪਣਾ ਪਰਮਾਣੂ ਕਾਰਜਕਰਮ ਛੱਡਦਾ ਹੈ ਜਾਂ ਨਹੀਂ। ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ: “ਮੈਂ ਕਰ ਸਕਦਾ ਹਾਂ, ਮੈਂ ਨਹੀਂ ਵੀ ਕਰ ਸਕਦਾ... ਕੋਈ ਨਹੀਂ ਜਾਣਦਾ ਕਿ ਮੈਂ ਕੀ ਕਰਨ ਵਾਲਾ ਹਾਂ।”ਟਰੰਪ ਨੇ ਦਾਅਵਾ ਕੀਤਾ ਕਿ ਈਰਾਨੀ ਅਧਿਕਾਰੀ ਵਾਸ਼ਿੰਗਟਨ ਵਿੱਚ ਗੱਲਬਾਤ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਨੇ ਇਹ ਵੀ ਕਿਹਾ, “ਹੁਣ ਬਹੁਤ ਦੇਰ ਹੋ ਚੁੱਕੀ ਹੈ।” ਇਸਦੇ ਨਾਲ ਹੀ, ਜਰਮਨੀ, ਫਰਾਂਸ ਅਤੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਸ਼ੁੱਕਰਵਾਰ ਨੂੰ ਜੀਨੇਵਾ ’ਚ ਈਰਾਨ ਦੇ ਵਿਦੇਸ਼ ਮੰਤਰੀ ਨਾਲ ਮਿਲਣਗੇ ਤਾਂ ਜੋ ਉਹ ਈਰਾਨ ਨੂੰ ਇਹ ਯਕੀਨ ਦਿਵਾ ਸਕਣ ਕਿ ਉਸਦਾ ਪਰਮਾਣੂ ਕਾਰਜਕਰਮ ਸਿਰਫ਼ ਨਾਗਰਿਕ ਉਪਯੋਗ ਲਈ ਹੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿੰਜਾਮਿਨ ਨੈਤਨਯਾਹੂ ਨੇ ਇਕ ਵੀਡੀਓ ਸੰਦੇਸ਼ ਰਾਹੀਂ ਕਿਹਾ, “ਅਸੀਂ ਹੌਲੀ-ਹੌਲੀ ਈਰਾਨ ਦੇ ਪਰਮਾਣੂ ਅਤੇ ਮਿਸਾਈਲ ਠਿਕਾਣਿਆਂ ਨੂੰ ਨਸ਼ਟ ਕਰ ਰਹੇ ਹਾਂ।” ਉਨ੍ਹਾਂ ਨੇ ਡੋਨਾਲਡ ਟਰੰਪ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ “ਇਜ਼ਰਾਈਲ ਦਾ ਅਸਲ ਦੋਸਤ” ਕਰਾਰ ਦਿੱਤਾ ਅਤੇ ਕਿਹਾ ਕਿ ਉਹ ਟਰੰਪ ਨਾਲ ਲਗਾਤਾਰ ਸੰਪਰਕ ’ਚ ਹਨ। ਦੱਸ ਦਈਏ ਕਿ ਈਰਾਨ ਦੇ ਸਰਵੋਚ ਨੇਤਾ ਆਯਤੁੱਲਾ ਅਲੀ ਖਾਮੇਨੇਈ ਨੇ ਇੱਕ ਸੰਦੇਸ਼ ਰਾਹੀਂ ਰਾਸ਼ਟਰਪਤੀ ਟਰੰਪ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਮਰੀਕਾ ਨੇ ਸੈਨਾ ਹਸਤਖੇਪ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੂੰ ਅਜਿਹਾ ਨੁਕਸਾਨ ਹੋਵੇਗਾ ਜੋ ਕਦੇ ਭਰਿਆ ਨਹੀਂ ਜਾ ਸਕੇਗਾ। ਈਰਾਨੀ ਕੌਮ ਕਦੇ ਵੀ ਆਤਮ ਸਮਰਪਣ ਨਹੀਂ ਕਰੇਗੀ।”
















