ਇਜ਼ਰਾਈਲ ਅਤੇ ਈਰਾਨ ਵਿਚਕਾਰ ਹੋਈ ਜੰਗਬੰਦੀ

ਇਜ਼ਰਾਈਲ ਅਤੇ ਈਰਾਨ ਵਿਚਕਾਰ ਹੋਈ ਜੰਗਬੰਦੀ

ਵਾਸ਼ਿੰਗਟਨ-ਇਜ਼ਰਾਈਲ ਅਤੇ ਈਰਾਨ ਵਿਚਕਾਰ ਲਗਾਤਾਰ ਤਣਾਅ ਵੱਧਣ ਤੋਂ ਬਾਅਦ ਆਖਰਕਾਰ ਜੰਗਬੰਦੀ ਹੋ ਗਈ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਹਾਂ ਦੇਸ਼ਾਂ ਵਿਚਾਲੇ ਸੀਜ਼ਫਾਈਰ ਦਾ ਐਲਾਨ ਕੀਤਾ ਸੀ, ਪਰ ਇਸ ਦੇ ਬਾਵਜੂਦ ਈਰਾਨ ਨੇ ਇਜ਼ਰਾਈਲ ‘ਤੇ ਮਿਜ਼ਾਈਲਾਂ ਦਾਗੀਆਂ ਸਨ। ਹੁਣ ਇਸ ਤੋਂ ਬਾਅਦ ਅੱਜ ਈਰਾਨ ਨੇ ਸੀਜ਼ਫਾਇਰ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਪ੍ਰੈਸ ਟੀਵੀ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ‘ਤੇ ਕਈ ਮਿਜ਼ਾਈਲਾਂ ਦਾਗੀਆਂ ਗਈਆਂ, ਜਿਸ ਤੋਂ ਤੁਰੰਤ ਬਾਅਦ ਜੰਗਬੰਦੀ ਲਾਗੂ ਹੋ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਮਿਜ਼ਾਈਲਾਂ ਨੂੰ ਇਜ਼ਰਾਈਲੀ ਰੱਖਿਆ ਪ੍ਰਣਾਲੀ ਦੁਆਰਾ ਰੋਕ ਦਿੱਤਾ ਗਿਆ ਸੀ, ਪਰ ਇੱਕ ਮਿਜ਼ਾਈਲ ਬੇਰਸ਼ੇਬਾ ਵਿੱਚ ਇੱਕ ਅਪਾਰਟਮੈਂਟ ਇਮਾਰਤ ‘ਤੇ ਡਿੱਗੀ, ਜਿਸ ਵਿੱਚ ਘੱਟੋ-ਘੱਟ ਚਾਰ ਲੋਕ ਮਾਰੇ ਗਏ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਹੁਣ ਤੋਂ ਜੰਗਬੰਦੀ ਲਾਗੂ ਹੈ, ਇਸਨੂੰ ਨਾ ਤੋੜੋ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਜੰਗਬੰਦੀ ਬਾਰੇ ਪੋਸਟ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਿਆ – ਜੰਗਬੰਦੀ ਹੁਣ ਤੋਂ ਲਾਗੂ ਹੋ ਰਹੀ ਹੈ। ਕਿਰਪਾ ਕਰਕੇ ਇਸਨੂੰ ਨਾ ਤੋੜੋ। ਦੱਸ ਦਈਏ ਕਿ ਹੁਣ ਤੱਕ ਇਸ ਜੰਗ ਵਿੱਚ 1000 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ, ਜਦਕਿ ਹਜ਼ਾਰਾਂ ਹੀ ਹੋਰ ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਬਿਲਡਿੰਗਾਂ ਢਹਿ-ਢੇਰੀ ਹੋ ਚੁੱਕੀਆਂ ਹਨ, ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ। ਫਿਲਹਾਲ ਇਸ ਸੀਜ਼ਫਾਇਰ ਮਗਰੋਂ ਉਮੀਦ ਹੈ ਕਿ ਦੋਵੇਂ ਦੇਸ਼ ਹੁਣ ਆਪਣੇ ਮੁੱਦੇ ਗੱਲ਼ਬਾਤ ਰਾਹੀਂ ਹੱਲ ਕਰਨਗੇ, ਤਾਂ ਜੋ ਦੁਬਾਰਾ ਜੰਗ ਦੀ ਸਥਿਤੀ ਨਾ ਬਣ ਜਾਏ। ਇੱਕ ਇਜ਼ਰਾਈਲੀ ਅਧਿਕਾਰੀ ਨੇ ਕਿਹਾ ਕਿ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗਬੰਦੀ ਉਦੋਂ ਤੱਕ ਲਾਗੂ ਰਹੇਗੀ ਜਦੋਂ ਤੱਕ ਦੋਵੇਂ ਧਿਰਾਂ ਇਸਦਾ ਪਾਲਣ ਕਰਦੀਆਂ ਹਨ। ਅਧਿਕਾਰੀ ਨੇ ਕਿਹਾ, “ਟਰੰਪ ਨੇ ਜੰਗਬੰਦੀ ਦਾ ਐਲਾਨ ਕੀਤਾ ਹੈ। ਜੇਕਰ ਸਾਰੀਆਂ ਧਿਰਾਂ ਇਸਦਾ ਪਾਲਣ ਕਰਦੀਆਂ ਹਨ, ਤਾਂ ਇਹ ਜਾਰੀ ਰਹੇਗਾ।”