ਕੈਨੇਡਾ ਸਰਕਾਰ ਕਮੇਡੀਅਨ ਕਪਿਲ ਸ਼ਰਮਾ ਦੇ ਕੈਫ਼ੇ ’ਤੇ ਹੋਏ ਹਮਲੇ ਤੋਂ ਬਾਅਦ ਹੋਈ ਸਖਤ

ਕੈਨੇਡਾ ਸਰਕਾਰ ਕਮੇਡੀਅਨ ਕਪਿਲ ਸ਼ਰਮਾ ਦੇ ਕੈਫ਼ੇ ’ਤੇ ਹੋਏ ਹਮਲੇ ਤੋਂ ਬਾਅਦ ਹੋਈ ਸਖਤ
ਕੈਨੇਡਾ ਦੇ ਸਰੀ ਵਿੱਚ ਕਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ ਦੋ ਵਾਰ ਹੋਈ ਗੋਲੀਬਾਰੀ ਤੋਂ ਬਾਅਦ, ਕੈਨੇਡਾ ਵਿੱਚ ਭਾਰਤੀ ਮੂਲ ਦੇ ਖਤਰਨਾਕ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਜ਼ੋਰ ਫੜ ਗਈ ਹੈ ਅਤੇ ਕੈਨੇਡੀਅਨ ਆਗੂਆਂ ਨੇ ਗੈਂਗਸਟਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਕੈਨੇਡਾ ਦੀ ਮੰਤਰੀ ਰੂਬੀ ਸਹੋਤਾ ਨੇ ਕਿਹਾ ਹੈ ਕਿ ਸਰਕਾਰ ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਕੈਨੇਡਾ ’ਚ ਕਈ ਕਤਲਾਂ ਅਤੇ ਫਿਰੌਤੀਆਂ ਦੇ ਮਾਮਲੇ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਸਾਹਮਣੇ ਆਇਆ ਹੈ। ਘਟਨਾਵਾਂ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਖੁੱਲ੍ਹ ਕੇ ਜ਼ਿੰਮੇਵਾਰੀ ਲੈਣ ਵਾਲੇ ਇਸ ਗੈਂਗ ਦੀ ਦਹਿਸ਼ਤ ਕੈਨੇਡੀਅਨ ਆਗੂਆਂ ਨੂੰ ਵੀ ਸਤਾਉਣ ਲੱਗੀ ਹੈ। ਜਿਸ ਦੇ ਚਲਦਿਆਂ ਇਸ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਕੀਤੀ ਜਾ ਰਹੀ ਹੈ। ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ ਦੋ ਵਾਰ ਹੋਈ ਗੋਲੀਬਾਰੀ ਤੋਂ ਬਾਅਦ ਇਹ ਮੰਗ ਹੋਰ ਤੇਜ਼ ਹੋ ਗਈ ਹੈ।
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਅਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਸਮੇਤ ਕਈ ਸੀਨੀਅਰ ਆਗੂਆਂ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਪੁਲਿਸ ਨੂੰ ਵਾਧੂ ਸ਼ਕਤੀਆਂ ਮਿਲਣਗੀਆਂ। ਜਾਂਚ ਦੌਰਾਨ ਇਨ੍ਹਾਂ ਹਮਲਿਆਂ ਪਿੱਛੇ ਗੈਂਗ-ਅਧਾਰਤ ਗਤੀਵਿਧੀਆਂ ਦਾ ਸ਼ੱਕ ਹੈ, ਜਿਸ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਦਾ ਉਦੇਸ਼ ਦਹਿਸ਼ਤ ਫੈਲਾਉਣਾ ਜਾਂ ਫਿਰੌਤੀ ਲਈ ਦਬਾਅ ਪਾਉਣਾ ਹੋ ਸਕਦਾ ਹੈ।