ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਪੰਜਾਬ ਅੰਦਰ ਹੋ ਰਹੇ ਨੇ ਤੇਜ਼ੀ ਨਾਲ ਵਿਕਾਸ ਕਾਰਜ: ਮਾਲਵਿੰਦਰ ਸਿੰਘ ਕੰਗ  

ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਪੰਜਾਬ ਅੰਦਰ ਹੋ ਰਹੇ ਨੇ ਤੇਜ਼ੀ ਨਾਲ ਵਿਕਾਸ ਕਾਰਜ: ਮਾਲਵਿੰਦਰ ਸਿੰਘ ਕੰਗ  
ਲੰਡਨ-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਆਪ ਦੇ ਸਪੋਕਸਪਰਸਨ ਮਾਲਵਿੰਦਰ ਸਿੰਘ ਕੰਗ ਜੋ ਕਿ ਇੰਗਲੈਂਡ ਦੀ ਨਿੱਜੀ ਫੇਰੀ ’ਤੇ ਆਏ ਹਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਲੁਧਿਆਣਾ ਜਿਮਨੀ ਚੋਣਾਂ ’ਚ ਜੇਤੂ ਰਹੇ ਆਪ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਜਲਦੀ ਹੀ ਪੰਜਾਬ ਕੈਬਨਿਟ ਵਿੱਚ ਸ਼ਾਮਿਲ ਕੀਤਾ ਜਾਵੇਗਾ, ਜਿਸ ਦਾ ਕਿ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੁਧਿਆਣਾ ਜਿਮਨੀ ਚੋਣ ਤੋਂ ਪਹਿਲਾਂ ਹੀ ਕਰ ਚੁੱਕੇ ਹਨ। ਅੱਜ ਤੜਕੇ ਹੋਈ ਅਕਾਲੀ ਆਗੂ ਤੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਵਿਜੀਲੈਂਸ ਵੱਲੋਂ ਕੀਤੀ ਗਈ ਗ੍ਰਿਫਤਾਰੀ ਬਾਰੇ ਬੋਲਦਿਆਂ ਕੰਗ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਦਰਜ ਹੋਏ ਕੇਸ ਦੇ ਸੰਬੰਧ ’ਚ ਹੀ ਵਿਜੀਲੈਂਸ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੰਗ ਨੇ ਵਿਦੇਸ਼ਾਂ ਵਿੱਚ ਵਸਦੇ ਐਨ ਆਰ ਆਈਜ ਦੀ ਸਲਾਘਾ ਕਰਦਿਆਂ ਕਿਹਾ ਕਿ ਐਨ ਆਰ ਆਈਜ ਦਾ ਹਮੇਸ਼ਾ ਹੀ ਪੰਜਾਬ ਦੀ ਤਰੱਕੀ ’ਚ ਵੱਡਾ ਯੋਗਦਾਨ ਰਿਹਾ ਹੈ ਅਤੇ ਹਮੇਸ਼ਾ ਹੀ ਪੰਜਾਬ ਅੰਦਰ ਬਣਨ ਵਾਲੀਆਂ ਸਰਕਾਰਾਂ ਬਣਾਉਣ ’ਚ ਵਿਦੇਸ਼ਾਂ ’ਚ ਵਸਦੇ ਪੰਜਾਬੀ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਰਹੇ ਹਨ । ਕੰਗ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪੰਜਾਬ ਸਰਕਾਰ ਤੋਂ ਬਹੁਤ ਆਸਾਂ ਅਤੇ ਉਮੀਦਾਂ ਹਨ ਜਿਹਨਾਂ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਰਾ ਉਤਰਨ ਦੀ ਪੁਰਜੋਰ ਕੋਸ਼ਿਸ਼ ਕਰ ਰਹੇ ਹਨ। ਕੰਗ ਨੇ ਕਿਹਾ ਕਿ ਲੁਧਿਆਣਾ ਜਿਮਨੀ ਚੋਣ ’ਚ ਹੋਈ ਜਿੱਤ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨ ਦਿੱਤਾ ਹੈ ਅਤੇ ਪੰਜਾਬ ਵਾਸੀਆਂ ਸਮੇਤ ਵਿਦੇਸ਼ਾਂ ’ਚ ਵੱਸਦੇ ਪੰਜਾਬੀ ਵੀ ਪੰਜਾਬ ਅੰਦਰ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦਾ ਮਨ ਬਣਾ ਚੁੱਕੇ ਹਨ।  ਕੰਗ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਪੰਜਾਬ ਅੰਦਰ ਬਹੁਤ ਹੀ ਤੇਜ਼ੀ ਨਾਲ ਵਿਕਾਸ ਕਾਰਜ ਹੋ ਰਹੇ ਹਨ।