ਹਿੰਸਾ ਤੇ ਫ਼ਿਰੌਤੀਆਂ ਦਾ ਸਾਹਮਣਾ ਕਰਨ ਲਈ ਬ੍ਰਿਟਿਸ਼ ਸਰਕਾਰ ਕਰੇਗੀ ਨਵੀਂ ਟਾਸਕ ਫ਼ੋਰਸ ਦਾ ਗਠਨ

ਹਿੰਸਾ ਤੇ ਫ਼ਿਰੌਤੀਆਂ ਦਾ ਸਾਹਮਣਾ ਕਰਨ ਲਈ ਬ੍ਰਿਟਿਸ਼ ਸਰਕਾਰ ਕਰੇਗੀ ਨਵੀਂ ਟਾਸਕ ਫ਼ੋਰਸ ਦਾ ਗਠਨ

ਬ੍ਰਿਟਿਸ਼ ਕੋਲੰਬੀਆ-ਬੀਸੀ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਵਿਰੁੱਧ ਵਧ ਰਹੀਆਂ ਧਮਕੀਆਂ, ਜ਼ਬਰਨ ਵਸੂਲੀ ਅਤੇ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਇੱਕ ਨਵੀਂ ਸੂਬਾਈ ਟਾਸਕ ਫ਼ੋਰਸ ਬਣਾਈ ਗਈ ਹੈ। ਇਹ ਟਾਸਕ ਫ਼ੋਰਸ ਬੀਸੀ ਆਰਸੀਐੱਮਪੀ ਦੀ ਅਗਵਾਈ ਹੇਠ ਕੰਮ ਕਰੇਗੀ ਅਤੇ ਇਸ ਵਿੱਚ ਕਈ ਪੁਲਿਸ ਏਜੰਸੀਆਂ ਦੇ 40 ਮੈਂਬਰ ਸ਼ਾਮਿਲ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਇਸ ਕਾਰਜ ਲਈ ਫੈਡਰਲ ਗਨ ਐਂਡ ਗੈਂਗ ਐਕਸ਼ਨ ਫੰਡ ਵੱਲੋਂ $300,000 ਦੀ ਰਕਮ ਮੁਹੱਈਆ ਕਰਵਾਈ ਗਈ ਹੈ, ਜੋ ਕਿ ਸਥਾਨਕ ਪੁਲਿਸ ਅਤੇ ਕ੍ਰਾਈਮ ਸਟੌਪਰਜ਼ ਨੂੰ ਫ਼ਿਰੌਤੀਆਂ ਦੀ ਜਾਂਚ ਅਤੇ ਜਨਤਾ ਵਿੱਚ ਜਾਗਰੂਕਤਾ ਫੈਲਾਉਣ ਲਈ ਦਿੱਤੀ ਜਾ ਰਹੀ ਹੈ। ਬੀਸੀ ਦੀ ਲੋਕ ਸੁਰੱਖਿਆ ਮੰਤਰੀ ਅਤੇ ਸੌਲਿਸੀਟਰ ਜਨਰਲ, ਨੀਨਾ ਕ੍ਰੀਗਰ ਨੇ ਕਿਹਾ, ਸਾਡਾ ਕੋਈ ਵੀ ਨਾਗਰਿਕ, ਪਰਿਵਾਰ ਜਾਂ ਵਪਾਰੀ ਇਸ ਤਰ੍ਹਾਂ ਧਮਕਾਇਆ ਨਹੀਂ ਜਾ ਸਕਦਾ ਅਤੇ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਇਨ੍ਹਾਂ ਜੁਰਮਾਂ ਨੂੰ ਰੋਕਿਆ ਜਾਵੇ। ਸਰੀ ਪੁਲਿਸ ਨੇ ਦੱਸਿਆ ਕਿ ਸਾਲ 2025 ਵਿੱਚ ਹੁਣ ਤੱਕ ਉਹ 45 ਫ਼ਿਰੌਤੀ ਦੀਆਂ ਧਮਕੀਆਂ ਅਤੇ 27 ਨਾਲ ਜੁੜੀਆਂ ਗੋਲੀਬਾਰੀਆਂ ਦੀ ਜਾਂਚ ਕਰ ਰਹੀ ਹੈ।  ਬੀਸੀ ਆਰਸੀਐੱਮਪੀ ਦੇ ਸਹਾਇਕ ਕਮਿਸ਼ਨਰ ਜੌਨ ਬਰੂਅਰ ਨੇ ਦੱਸਿਆ ਕਿ ਪਿਛਲੇ ਕੁਝ ਹਫਤਿਆਂ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕਰਕੇ ਛੇ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।   ਬਰੂਅਰ ਨੇ ਕਿਹਾ, ਇਹ ਸਮਰਪਿਤ ਅਤੇ ਵਿਸਤ੍ਰਿਤ ਟੀਮ ਕਈ ਕਾਨੂੰਨ ਏਜੰਸੀਆਂ ਤੋਂ ਵਾਧੂ ਸਰੋਤ, ਖੁਫੀਆ ਵਿਸ਼ਲੇਸ਼ਕ ਅਤੇ ਰਣਨੀਤਕ ਮਹਾਰਤ ਸ਼ਾਮਲ ਕਰਦੀ ਹੈ ਜਿਸਦਾ ਉਦੇਸ਼ ਸਾਡੇ ਭਾਈਚਾਰਿਆਂ ਦੀ ਰੱਖਿਆ ਕਰਨਾ ਹੈ ਅਤੇ ਨਾਲ ਹੀ ਹਿੰਸਾ ਅਤੇ ਧਮਕੀਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਕਾਬੂ ਕਰਨਾ ਹੈ।  ਇਸੇ ਹਫ਼ਤੇ, ਮਿਸੀਸਾਗਾ ਵਿਚ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਡੈਲਟਾ, ਬੀਸੀ ਦੇ ਗੁਰਦੀਪ ਸ਼ੇਰਗਿੱਲ ਨੂੰ ਫ਼ਿਰੌਤੀ ਅਤੇ ਗੋਲੀ ਚਲਾਉਣ ਦੇ ਦੋ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋ ਗੋਲੀਬਾਰੀਆਂ ਬਰੈਂਪਟਨ, ਓਂਟਾਰੀਓ ਵਿੱਚ ਹੋਈਆਂ ਸਨ। ਸ਼ੇਰਗਿੱਲ ਨੂੰ ਸਰੀ ਤੋਂ ਗ੍ਰਿਫ਼ਤਾਰ ਕਰਕੇ ਬਰੈਂਪਟਨ ਲਿਜਾਇਆ ਗਿਆ ਹੈ ਜਿੱਥੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।