ਸਿਹਤ ਖੇਤਰ ਵਿੱਚ ਏਆਈ ਤਕਨਾਲੋਜੀ ਲਈ ਅਲਬਰਟਾ ਸਰਕਾਰ ਦਾ 10 ਮਿਲੀਅਨ ਡਾਲਰ ਨਿਵੇਸ਼

ਸਿਹਤ ਖੇਤਰ ਵਿੱਚ ਏਆਈ ਤਕਨਾਲੋਜੀ ਲਈ ਅਲਬਰਟਾ ਸਰਕਾਰ ਦਾ 10 ਮਿਲੀਅਨ ਡਾਲਰ ਨਿਵੇਸ਼

ਐਡਮੰਟਨ-ਅਲਬਰਟਾ ਸਰਕਾਰ ਨੇ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਅਤੇ ਡਾਟਾ ਅਧਾਰਿਤ ਸਿਹਤ ਸੇਵਾਵਾਂ ਨੂੰ ਅੱਗੇ ਵਧਾਉਣ ਲਈ ਅਗਲੇ ਤਿੰਨ ਸਾਲਾਂ ਵਿੱਚ 10 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।ਇਹ ਰਕਮ “ਹੈਲਥ ਇਨੋਵੇਸ਼ਨ ਲੈਬ” ਲਈ ਦਿੱਤੀ ਜਾਵੇਗੀ, ਜਿਸ ਨੂੰ Alberta Machine Intelligence Institute (Amii) ਵੱਲੋਂ ਚਲਾਇਆ ਜਾਵੇਗਾ। ਇਸ ਤਹਿਤ ਹਰ ਸਾਲ 12 ਤੱਕ ਪ੍ਰੋਜੈਕਟਾਂ ਨੂੰ ਸਹਾਇਤਾ ਮਿਲੇਗੀ, ਜੋ AI ਦੀ ਮਦਦ ਨਾਲ ਮਰੀਜ਼ਾਂ ਦੀ ਸੰਭਾਲ ਅਤੇ ਸਿਹਤ ਪ੍ਰਣਾਲੀ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣਗੇ।ਸਰਕਾਰ ਦਾ ਕਹਿਣਾ ਹੈ ਕਿ ਇਸ ਪਹਿਲ ਨਾਲ ਉਡੀਕ ਸਮਾਂ ਘਟਾਉਣ, ਹਸਪਤਾਲਾਂ ਦੀ ਸਮਰੱਥਾ ਵਧਾਉਣ ਅਤੇ ਨਵੀਆਂ ਦਵਾਈਆਂ, ਜਾਂਚ ਤਕਨਾਲੋਜੀਆਂ ਅਤੇ ਇਲਾਜ ਤਿਆਰ ਕਰਨ ਵਿੱਚ ਮਦਦ ਮਿਲੇਗੀ।

ਟੈਕਨੋਲੋਜੀ ਅਤੇ ਇਨੋਵੇਸ਼ਨ ਮੰਤਰੀ ਨੇਟ ਗਲੂਬਿਸ਼ ਨੇ ਕਿਹਾ ਕਿ ਅਲਬਰਟਾ ਕੋਲ ਵਿਸ਼ਵ ਪੱਧਰੀ ਡਾਕਟਰੀ ਅਤੇ AI ਮਾਹਿਰ ਮੌਜੂਦ ਹਨ, ਜੋ ਮਿਲ ਕੇ ਸਿਹਤ ਖੇਤਰ ਵਿੱਚ ਵੱਡੇ ਬਦਲਾਅ ਲਿਆ ਸਕਦੇ ਹਨ।Amii ਦੇ ਸੀਈਓ ਕੈਮ ਲਿੰਕੇ ਨੇ ਕਿਹਾ ਕਿ ਇਹ ਯੋਜਨਾ ਖੋਜ ਅਤੇ ਸਿਹਤ ਸੇਵਾਵਾਂ ਵਿਚਕਾਰ ਪੁਲ ਬਣੇਗੀ ਅਤੇ ਅਲਬਰਟਾ ਵਿੱਚ ਤਿਆਰ ਕੀਤੀ ਤਕਨਾਲੋਜੀ ਨੂੰ ਦੁਨੀਆ ਭਰ ਤੱਕ ਪਹੁੰਚਾਉਣ ਵਿੱਚ ਮਦਦ ਕਰੇਗੀ।ਸਰਕਾਰ ਮੁਤਾਬਕ ਇਹ ਪ੍ਰੋਜੈਕਟ ਸਿਹਤ ਡਾਟਾ ਦੀ ਸੁਰੱਖਿਆ ਅਤੇ ਪਰਦੇਦਾਰੀ ਕਾਨੂੰਨਾਂ ਦੇ ਅਨੁਸਾਰ ਹੀ ਚਲਾਇਆ ਜਾਵੇਗਾ।